ਬਨੂੜ: 13-ਮੈਂਬਰੀ ਨਗਰ ਕੌਂਸਲ ਬਨੂੜ ਦੀ ਅੱਜ ਹੋਈ ਚੋਣ ਵਿੱਚ 6 ਕੌਂਸਲਰਾਂ ਅਤੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ‘ਆਪ’ (AAP) ਦੇ ਕੌਂਸਲਰ ਬਲਜੀਤ ਸਿੰਘ ਨੂੰ ਪ੍ਰਧਾਨ ਅਤੇ ਲਖਵਿੰਦਰ ਸਿੰਘ ਲੱਖੀ ਸੰਧੂ ਨੂੰ ਉਪ-ਪ੍ਰਧਾਨ ਚੁਣ ਲਿਆ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਚਾਰ ਅਤੇ ਕਾਂਗਰਸ ਦੇ ਤਿੰਨ ਕੌਂਸਲਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਚੋਣ ਵਾਲੇ ਕਮਰੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਪੁਲੀਸ ਉੱਤੇ ਧੱਕਾ-ਮੁੱਕੀ ਕਰਨ ਦੇ ਦੋਸ਼ ਵੀ ਲਾਏ। ‘ਆਪ’ ਦੇ ਕੌਂਸਲਰ ਅਤੇ ਪ੍ਰਧਾਨਗੀ ਦੇ ਦਾਅਵੇਦਾਰ ਹਰਜੋਤ ਸਿੰਘ ਬਾਜਵਾ ਨੇ ਆਪਣੇ ਬੁੱਲ੍ਹ ‘ਤੇ ਲੱਗੀ ਸੱਟ ਵਿਖਾਉਂਦਿਆਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਵੱਟ ਮਾਰਿਆ। ਇਸੇ ਤਰ੍ਹਾਂ ਕਾਂਗਰਸ ਦੀ ਕੌਂਸਲਰ ਪ੍ਰੀਤੀ ਵਾਲੀਆ ਨੇ ਵੀ ਮਹਿਲਾ ਕੌਂਸਲਰਾਂ ਨੂੰ ਕਮਰੇ ਵਿੱਚ ਬੰਦ ਕਰਨ ਅਤੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ ਲਾਏ।
ਉੱਥੇ ਹੀ ਚੋਣ ਕਮਰੇ ਵਿੱਚ ਨਾ ਜਾਣ ਦੇਣ ਵਾਲੇ ਸੱਤ ਕੌਂਸਲਰਾਂ ਨੇ ਹਰਜੋਤ ਸਿੰਘ ਬਾਜਵਾ ਅਤੇ ਪ੍ਰੀਤੀ ਵਾਲੀਆ ਦੀ ਅਗਵਾਈ ਹੇਠ ਹਲਕਾ ਵਿਧਾਇਕਾ ਨੀਨਾ ਮਿੱਤਲ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਦੀ ਸਹਾਇਤਾ ਨਾਲ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਹੁਗਿਣਤੀ ਕੌਂਸਲਰਾਂ ਨੂੰ ਚੋਣ ਅਮਲ ਤੋਂ ਬਾਹਰ ਰੋਕ ਕੇ ਕਰਵਾਈ ਗਈ ਇਹ ਚੋਣ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ, ਜਿਸ ਨੂੰ ਉਹ ਅਦਾਲਤ ਵਿੱਚ ਵੀ ਚੁਣੌਤੀ ਦੇਣਗੇ।
ਉਧਰ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਿਧਾਇਕਾ ਨੀਨਾ ਮਿੱਤਲ ਨੇ ਵਧਾਈ ਦਿੱਤੀ ਅਤੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਦੂਜੇ ਪਾਸੇ, ਡੀ ਐੱਸ ਪੀ (DSP) ਬਨੂੜ ਸੁਖਦੇਵ ਸਿੰਘ ਨੇ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬਾਗੀ ਅਤੇ ਕਾਂਗਰਸੀ ਕੌਂਸਲਰਾਂ ਨੇ ਹੰਗਾਮਾ ਕੀਤਾ ਸੀ, ਜਿਸ ਕਰਕੇ ਪੁਲੀਸ ਵੱਲੋਂ ਉਨ੍ਹਾਂ ਨੂੰ ਸਿਰਫ਼ ਹੰਗਾਮਾ ਕਰਨ ਤੋਂ ਰੋਕਿਆ ਗਿਆ ਸੀ।
ਹੁਕਮਰਾਨ ਧਿਰ ਨੇ ਚੋਣ ਲੁੱਟੀ: ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਹੁਕਮਰਾਨ ਧਿਰ ਨੇ ਪਹਿਲਾਂ ਰਾਜਪੁਰਾ ਅਤੇ ਅੱਜ ਬਨੂੜ ਵਿਖੇ ਘੱਟ ਗਿਣਤੀ ਹੋਣ ਦੇ ਬਾਵਜੂਦ ਚੋਣ ਲੁੱਟੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਵੋਟਿੰਗ ਕਰਵਾਉਣੀ ਹੀ ਨਹੀਂ ਸੀ, ਫਿਰ ਚੋਣ ਰੱਖੀ ਹੀ ਕਿਉਂ ਗਈ ਸੀ? ਉਨ੍ਹਾਂ ਦਾਅਵਾ ਕੀਤਾ ਕਿ 2027 ਵਿੱਚ ਬਨੂੜ ਵਾਸੀ ਹੁਕਮਰਾਨ ਧਿਰ ਦੀ ਇਸ ਵਧੀਕੀ ਦਾ ਜਵਾਬ ਦੇਣਗੇ।
