September 19, 2026
ਅੰਤਰਰਾਸ਼ਟਰੀਖਾਸ ਖ਼ਬਰ

ਮੈਨੀਟੋਬਾ ਵਿੱਚ Hepatitis A ਦੇ ਕੇਸ ਵਧੇ; ਹਸਪਤਾਲ ਦਾਖਲਿਆਂ ਅਤੇ ਮੌਤਾਂ ਦੀ ਪੁਸ਼ਟੀ

ਮੈਨੀਟੋਬਾ ਵਿੱਚ Hepatitis A ਦੇ ਕੇਸ ਵਧੇ; ਹਸਪਤਾਲ ਦਾਖਲਿਆਂ ਅਤੇ ਮੌਤਾਂ ਦੀ ਪੁਸ਼ਟੀ

ਵਿੰਨੀਪੈਗ- ਮੈਨੀਟੋਬਾ ਵਿੱਚ ਅਪਰੈਲ 2025 ਤੋਂ ਜਾਰੀ ਹੈਪੇਟਾਈਟਸ-ਏ ਦਾ ਪ੍ਰਕੋਪ ਜੂਨ 2026 ਤੱਕ ਸੂਬੇ ਦੇ ਸਭ ਤੋਂ ਗੰਭੀਰ ਜਨ ਸਿਹਤ ਸੰਕਟਾਂ ਵਿੱਚੋਂ ਇੱਕ ਬਣ ਗਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਹ ਪ੍ਰਕੋਪ ਹੁਣ ਸਿਰਫ਼ ਕੁਝ ਉੱਤਰੀ ਭਾਈਚਾਰਿਆਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਵਿਨੀਪੈਗ ਸਮੇਤ ਕਈ ਸ਼ਹਿਰੀ ਇਲਾਕਿਆਂ ਤੱਕ ਫੈਲ ਚੁੱਕਾ ਹੈ। ਮੈਨੀਟੋਬਾ ਹੈਲਥ ਦੇ ਤਾਜ਼ਾ ਅੰਕੜਿਆਂ ਅਨੁਸਾਰ, ਇਸ ਪ੍ਰਕੋਪ ਨਾਲ ਹੁਣ ਤੱਕ ਸੈਂਕੜੇ ਕੇਸ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਹਸਪਤਾਲ, ਆਈ ਸੀ ਯੂ ਦਾਖ਼ਲੇ ਅਤੇ ਮੌਤਾਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਇੱਕੋ ਹੀ ਸਟ੍ਰੇਨ ਨਾਲ ਜੁੜਿਆ ਹੋਇਆ ਹੈ ਅਤੇ ਮੁੱਖ ਤੌਰ ‘ਤੇ ਵਿਅਕਤੀ ਤੋਂ ਵਿਅਕਤੀ ਦੇ ਸੰਪਰਕ ਰਾਹੀਂ ਫੈਲ ਰਿਹਾ ਹੈ। ਸ਼ੁਰੂਆਤੀ ਦੌਰ ਵਿੱਚ ਇਹ ਬਿਮਾਰੀ ਆਈਲੈਂਡ ਲੇਕ ਖੇਤਰ ਦੇ ਚਾਰ ਫਰਸਟ ਨੇਸ਼ਨ ਭਾਈਚਾਰਿਆਂ—ਗਾਰਡਨ ਹਿੱਲ, ਸੇਂਟ ਥੇਰੇਸਾ ਪੌਇੰਟ, ਵਾਸਾਗਾਮੈਕ ਅਤੇ ਰੈਡ ਸੱਕਰ ਲੇਕ—ਵਿੱਚ ਕੇਂਦਰਿਤ ਸੀ। ਪਰ ਸਮੇਂ ਨਾਲ ਇਹ ਸੰਕਰਮਣ ਹੋਰ ਖੇਤਰਾਂ ਵਿੱਚ ਵੀ ਫੈਲ ਗਿਆ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਕੁਝ ਦੂਰ-ਦਰਾਜ਼ ਇਲਾਕਿਆਂ ਵਿੱਚ ਪਾਣੀ ਅਤੇ ਸੀਵਰੇਜ ਸੰਬੰਧੀ ਸਮੱਸਿਆਵਾਂ ਨੇ ਬਿਮਾਰੀ ਦੇ ਫੈਲਾਅ ਨੂੰ ਹੋਰ ਤੇਜ਼ ਕੀਤਾ ਹੈ।

ਵਿਨੀਪੈਗ ਵਿੱਚ ਵੀ ਮਾਮਲਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਕਈ ਹਾਲੀਆ ਰਿਪੋਰਟਾਂ ਮੁਤਾਬਕ ਸ਼ਹਿਰ ਵਿੱਚ ਸੈਂਕੜੇ ਲੋਕ ਪ੍ਰਭਾਵਿਤ ਹੋ ਚੁੱਕੇ ਹਨ, ਜਿਸ ਕਾਰਨ ਸਥਾਨਕ ਪੱਧਰ ‘ਤੇ ਵੀ ਚਿੰਤਾ ਵਧ ਗਈ ਹੈ। ਸਿਹਤ ਅਧਿਕਾਰੀਆਂ ਨੇ ਕੁਝ ਜਨਤਕ ਥਾਵਾਂ ਨਾਲ ਜੁੜੇ ਸੰਭਾਵਿਤ ਸੰਕਰਮਣ ਬਾਰੇ ਵੀ ਚਿਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਲੱਛਣਾਂ ਉੱਤੇ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਹੈਪੇਟਾਈਟਸ-ਏ ਇੱਕ ਜਿਗਰ ਸੰਬੰਧੀ ਵਾਇਰਲ ਇਨਫੈਕਸ਼ਨ ਹੈ ਜੋ ਆਮ ਤੌਰ ‘ਤੇ ਦੂਸ਼ਿਤ ਭੋਜਨ, ਪਾਣੀ ਜਾਂ ਨੇੜਲੇ ਸੰਪਰਕ ਰਾਹੀਂ ਫੈਲਦਾ ਹੈ। ਇਸ ਦੇ ਲੱਛਣਾਂ ਵਿੱਚ ਬੁਖ਼ਾਰ, ਉਲਟੀ ਆਉਣ ਦਾ ਅਹਿਸਾਸ, ਪੇਟ ਦਰਦ, ਗੂੜ੍ਹਾ ਪਿਸ਼ਾਬ ਅਤੇ ਜੌਂਡਿਸ (ਚਮੜੀ ਤੇ ਅੱਖਾਂ ਦਾ ਪੀਲਾ ਪੈਣਾ) ਸ਼ਾਮਲ ਹਨ। ਕਈ ਮਰੀਜ਼ਾਂ ਵਿੱਚ ਲੱਛਣ ਹਲਕੇ ਹੁੰਦੇ ਹਨ ਜਾਂ ਕਈ ਵਾਰ ਦਿਖਾਈ ਹੀ ਨਹੀਂ ਦਿੰਦੇ, ਜਿਸ ਨਾਲ ਬਿਮਾਰੀ ਅਨਜਾਣੇ ਤੌਰ ‘ਤੇ ਹੋਰ ਲੋਕਾਂ ਤੱਕ ਫੈਲ ਸਕਦੀ ਹੈ।

ਮੈਨੀਟੋਬਾ ਸਰਕਾਰ ਨੇ ਇਸ ਪ੍ਰਕੋਪ ਦੇ ਜਵਾਬ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਹੈ। ਉੱਚ-ਖ਼ਤਰੇ ਵਾਲੇ ਸਮੂਹਾਂ—ਜਿਵੇਂ ਕਿ ਪ੍ਰਭਾਵਿਤ ਭਾਈਚਾਰਿਆਂ ਦੇ ਨਿਵਾਸੀ, ਬੇਘਰ ਲੋਕ, ਨਸ਼ਾ ਵਰਤਣ ਵਾਲੇ ਅਤੇ ਜੇਲ੍ਹ ਕੈਦੀ—ਲਈ ਮੁਫ਼ਤ ਟੀਕਾ ਉਪਲਬਧ ਕਰਵਾਇਆ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾ ਸੰਪਰਕ ਤੋਂ ਬਾਅਦ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦਾ ਹੈ, ਜੇਕਰ ਸਮੇਂ ਸਿਰ ਲਗਾਇਆ ਜਾਵੇ। ਸਿਹਤ ਵਿਭਾਗ ਨੇ ਲੋਕਾਂ ਨੂੰ ਹੱਥ ਧੋਣ ਦੀ ਸਖ਼ਤ ਹਦਾਇਤ ਦਿੱਤੀ ਹੈ ਅਤੇ ਖਾਣ-ਪੀਣ ਦੀ ਸਫ਼ਾਈ ਉੱਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਬਿਮਾਰੀ ਦੇ ਲੱਛਣ ਦਿੱਖਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਗਿਆ ਹੈ।

Related posts

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਐਕਸ਼ਨ ‘ਚ CJP: ਸਰਕਾਰ ਨੂੰ ਵਾਅਦੇ ਨਿਭਾਉਣ ਦੀ ਕੀਤੀ ਮੰਗ

Current Updates

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ

Current Updates

ਮੁੱਖ ਮੰਤਰੀ ਕਤਲ ਕੇਸ: ਰਾਜੋਆਣਾ ਨੂੰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ: ਸੁਪਰੀਮ ਕੋਰਟ

Current Updates

Leave a Comment