November 2, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸੋਨੇ ਦੀ ਕੀਮਤ 2,530 ਰੁਪਏ ਡਿੱਗ ਕੇ 1.38 ਲੱਖ ਰੁਪਏ ’ਤੇ ਪੁੱਜੀ

ਸੋਨੇ ਦੀ ਕੀਮਤ 2,530 ਰੁਪਏ ਡਿੱਗ ਕੇ 1.38 ਲੱਖ ਰੁਪਏ ’ਤੇ ਪੁੱਜੀ

ਚੰਡੀਗੜ੍ਹ- ਦੀਵਾਲੀ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈਬੀਜੇਏ) ਅਨੁਸਾਰ ਅੱਜ 24 ਕੈਰੇਟ ਸੋਨੇ ਦੀ ਕੀਮਤ 10 ਗ੍ਰਾਮ ਪਿੱਛੇ 2,530 ਰੁਪਏ ਘਟ ਕੇ 1.38 ਲੱਖ ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ ਪ੍ਰਤੀ ਕਿਲੋ 1,372 ਰੁਪਏ ਘਟ ਕੇ 1.80 ਲੱਖ ਰੁਪਏ ਰਹਿ ਗਈ ਹੈ। ਸ਼ੁੱਕਰਵਾਰ ਨੂੰ ਸੋਨਾ 1.40 ਲੱਖ ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 1.81 ਲੱਖ ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ।

ਅਕਤੂਬਰ ਵਿੱਚ ਚਾਂਦੀ ਕਰੀਬ 40 ਹਜ਼ਾਰ ਰੁਪਏ ਸਸਤੀ ਹੋਈ- ਅਕਤੂਬਰ ਮਹੀਨੇ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਮਹੀਨੇ ਸੋਨਾ 10 ਗ੍ਰਾਮ ਪਿੱਛੇ 8,084 ਰੁਪਏ ਅਤੇ ਚਾਂਦੀ ਪ੍ਰਤੀ ਕਿਲੋ 39,485 ਰੁਪਏ ਸਸਤੀ ਹੋਈ ਹੈ। ਇਕ ਅਕਤੂਬਰ 2026 ਨੂੰ 10 ਗ੍ਰਾਮ ਸੋਨੇ ਦੀ ਕੀਮਤ 1.48 ਲੱਖ ਰੁਪਏ ਅਤੇ ਇਕ ਕਿਲੋ ਚਾਂਦੀ ਦੀ ਕੀਮਤ 2.20 ਲੱਖ ਰੁਪਏ ਸੀ। ਇਸ ਤਰ੍ਹਾਂ ਇਕ ਮਹੀਨੇ ਦੌਰਾਨ ਚਾਂਦੀ ਦੀ ਕੀਮਤ ਵਿੱਚ ਕਰੀਬ 40 ਹਜ਼ਾਰ ਰੁਪਏ ਦੀ ਕਮੀ ਆਈ ਹੈ।

ਕੀਮਤਾਂ ’ਚ ਭਾਰੀ ਗਿਰਾਵਟ ਪਿੱਛੇ ਅਮਰੀਕੀ ਵਿਆਜ ਦਰਾਂ ਤੇ ਡਾਲਰ ਦੀ ਮਜ਼ਬੂਤੀ ਵੱਡੇ ਕਾਰਨ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਪਿੱਛੇ ਸਿਰਫ਼ ਇਕ ਕਾਰਨ ਨਹੀਂ ਸਗੋਂ ਕੌਮਾਂਤਰੀ ਆਰਥਿਕ ਹਾਲਾਤ ਤੇ ਬਦਲਾਅ ਵੀ ਜ਼ਿੰਮੇਵਾਰ ਹਨ। ਅਮਰੀਕਾ ਵਿੱਚ ਮਹਿੰਗਾਈ ਵਧਣ, ਉੱਥੋਂ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਬਾਰੇ ਸਖ਼ਤ ਰੁਖ਼ ਅਪਣਾਉਣ, ਡਾਲਰ ਮਜ਼ਬੂਤ ਹੋਣ ਅਤੇ ਨਿਵੇਸ਼ਕਾਂ ਵੱਲੋਂ ਪਹਿਲਾਂ ਕੀਤੀ ਕਮਾਈ ਕੱਢਣ ਕਾਰਨ ਸੋਨੇ-ਚਾਂਦੀ ’ਤੇ ਦਬਾਅ ਵਧਿਆ ਹੈ। ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨੇ ਵੀ ਮਹਿੰਗਾਈ ਅਤੇ ਵਿਆਜ ਦਰਾਂ ਵਧਣ ਦਾ ਖ਼ਦਸ਼ਾ ਪੈਦਾ ਕੀਤਾ ਹੈ।

ਅਮਰੀਕਾ ਦੀ ਮਹਿੰਗਾਈ ਨੇ ਬਦਲਿਆ ਬਾਜ਼ਾਰ ਦਾ ਰੁਖ਼- ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਅਹਿਮ ਕਾਰਨ ਅਮਰੀਕਾ ਦੀ ਮਹਿੰਗਾਈ ਹੈ। ਸਤੰਬਰ ਵਿੱਚ ਉੱਥੇ ਸਾਲਾਨਾ ਮਹਿੰਗਾਈ ਦਰ ਵਧ ਕੇ 3.7 ਫ਼ੀਸਦੀ ਹੋ ਗਈ, ਜਦਕਿ ਅਗਸਤ ਵਿੱਚ ਇਹ 3.4 ਫ਼ੀਸਦੀ ਸੀ। ਇਸ ਵਾਧੇ ਪਿੱਛੇ ਊਰਜਾ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਦਾ ਵੱਡਾ ਯੋਗਦਾਨ ਰਿਹਾ। ਇਸ ਨਾਲ ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਉੱਚੀਆਂ ਰੱਖਣ ਜਾਂ ਹੋਰ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਬਲ ਮਿਲਿਆ। ਜਦੋਂ ਵਿਆਜ ਦਰਾਂ ਉੱਚੀਆਂ ਰਹਿੰਦੀਆਂ ਹਨ ਤਾਂ ਨਿਵੇਸ਼ਕ ਅਮਰੀਕੀ ਸਰਕਾਰੀ ਬਾਂਡ ਵਰਗੇ ਸਾਧਨਾਂ ਵਿੱਚ ਪੈਸਾ ਲਾਉਣਾ ਵਧੇਰੇ ਪਸੰਦ ਕਰਦੇ ਹਨ। ਸੋਨਾ ਅਤੇ ਚਾਂਦੀ ਕੋਈ ਵਿਆਜ ਨਹੀਂ ਦਿੰਦੇ, ਇਸ ਲਈ ਇਨ੍ਹਾਂ ਵਿੱਚ ਨਿਵੇਸ਼ ਕਰਨ ਦੀ ਖਿੱਚ ਘਟਦੀ ਹੈ। ਇਸ ਕਾਰਨ ਕੀਮਤੀ ਧਾਤਾਂ ਦੀ ਮੰਗ ਅਤੇ ਕੀਮਤਾਂ ਦੋਵਾਂ ’ਤੇ ਅਸਰ ਪੈਂਦਾ ਹੈ।

ਡਾਲਰ ਦੀ ਮਜ਼ਬੂਤੀ ਅਤੇ ਮੁਨਾਫ਼ਾ ਵਸੂਲੀ- ਸੋਨੇ ਅਤੇ ਚਾਂਦੀ ਦੀਆਂ ਕੌਮਾਂਤਰੀ ਕੀਮਤਾਂ ਡਾਲਰ ਵਿੱਚ ਤੈਅ ਹੁੰਦੀਆਂ ਹਨ। ਜਦੋਂ ਅਮਰੀਕੀ ਡਾਲਰ ਹੋਰਨਾਂ ਮੁਦਰਾਵਾਂ ਦੇ ਮੁਕਾਬਲੇ ਮਜ਼ਬੂਤ ਹੁੰਦਾ ਹੈ ਤਾਂ ਡਾਲਰ ਵਿੱਚ ਤੈਅ ਸੋਨਾ ਅਤੇ ਚਾਂਦੀ ਦੂਜੇ ਦੇਸ਼ਾਂ ਦੇ ਖ਼ਰੀਦਦਾਰਾਂ ਲਈ ਮਹਿੰਗੇ ਹੋ ਜਾਂਦੇ ਹਨ। ਇਸ ਨਾਲ ਇਨ੍ਹਾਂ ਧਾਤਾਂ ਦੀ ਮੰਗ ਘਟਣ ਅਤੇ ਕੀਮਤਾਂ ’ਤੇ ਦਬਾਅ ਪੈਣ ਦੀ ਸੰਭਾਵਨਾ ਰਹਿੰਦੀ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਕੀਮਤਾਂ ਵਿੱਚ ਤੇਜ਼ੀ ਕਾਰਨ ਕਈ ਨਿਵੇਸ਼ਕਾਂ ਨੇ ਮੁਨਾਫ਼ਾ ਕਮਾਉਣ ਲਈ ਆਪਣਾ ਸੋਨਾ-ਚਾਂਦੀ ਵੇਚਣਾ ਸ਼ੁਰੂ ਕਰ ਦਿੱਤਾ। ਇਸ ਵਿਕਰੀ ਨੇ ਵੀ ਕੀਮਤਾਂ ਵਿੱਚ ਗਿਰਾਵਟ ਨੂੰ ਹੁਲਾਰਾ ਦਿੱਤਾ। ਮਾਹਿਰਾਂ ਅਨੁਸਾਰ ਦੁਨੀਆ ਭਰ ਦੇ ਵਿੱਤੀ ਬਾਜ਼ਾਰਾਂ ਵਿੱਚ ਨਕਦੀ ਦੀ ਲੋੜ ਅਤੇ ਹੋਰ ਸੰਪਤੀਆਂ ਵਿੱਚ ਆਈ ਗਿਰਾਵਟ ਕਾਰਨ ਵੀ ਨਿਵੇਸ਼ਕ ਸੋਨੇ ਵਰਗੀਆਂ ਸੰਪਤੀਆਂ ਵੇਚ ਰਹੇ ਹਨ। ਇਸ ਤਰ੍ਹਾਂ ਅਨਿਸ਼ਚਿਤਤਾ ਦੇ ਸਮੇਂ ਵਿੱਚ ਵੀ ਸੋਨੇ ਦੀ ਸੁਰੱਖਿਅਤ ਨਿਵੇਸ਼ ਵਾਲੀ ਮੰਗ ਨੂੰ ਝਟਕਾ ਲੱਗਿਆ ਹੈ।

ਚਾਂਦੀ ਦੀ ਕੀਮਤ ’ਤੇ ਉਦਯੋਗਿਕ ਮੰਗ ਦਾ ਅਸਰ ਸੋਨੇ ਦੇ ਮੁਕਾਬਲੇ ਚਾਂਦੀ ਦੀਆਂ ਕੀਮਤਾਂ ਵਿੱਚ ਵਧੇਰੇ ਗਿਰਾਵਟ ਦਾ ਇਕ ਵੱਡਾ ਕਾਰਨ ਇਸ ਦੀ ਉਦਯੋਗਿਕ ਵਰਤੋਂ ਹੈ। ਚਾਂਦੀ ਦੀ ਵਰਤੋਂ ਸੂਰਜੀ ਊਰਜਾ ਦੇ ਪੈਨਲਾਂ, ਇਲੈਕਟ੍ਰਾਨਿਕ ਉਪਕਰਨਾਂ ਅਤੇ ਹੋਰ ਉਦਯੋਗਾਂ ਵਿੱਚ ਵੱਡੇ ਪੱਧਰ ’ਤੇ ਹੁੰਦੀ ਹੈ। ਸਿਲਵਰ ਇੰਸਟੀਚਿਊਟ ਦੀ ਰਿਪੋਰਟ ਅਨੁਸਾਰ ਸਾਲ 2025 ਦੌਰਾਨ ਚਾਂਦੀ ਦੀ ਕੁੱਲ ਮੰਗ ਦਾ ਲਗਪਗ ਤਿੰਨ-ਪੰਜਵਾਂ ਹਿੱਸਾ ਉਦਯੋਗਿਕ ਵਰਤੋਂ ਵਿੱਚ ਆਇਆ ਸੀ।

ਸੂਰਜੀ ਪੈਨਲ ਬਣਾਉਣ ਵਾਲੀਆਂ ਕੰਪਨੀਆਂ ਲਾਗਤ ਘਟਾਉਣ ਲਈ ਹਰੇਕ ਪੈਨਲ ਵਿੱਚ ਚਾਂਦੀ ਦੀ ਵਰਤੋਂ ਘਟਾ ਰਹੀਆਂ ਹਨ। ਇਸ ਤੋਂ ਇਲਾਵਾ ਉਦਯੋਗਿਕ ਮੰਗ ਵਿੱਚ ਕਮੀ ਦੇ ਅਨੁਮਾਨਾਂ ਨੇ ਵੀ ਚਾਂਦੀ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ। ਚਾਂਦੀ ਦਾ ਬਾਜ਼ਾਰ ਸੋਨੇ ਦੇ ਮੁਕਾਬਲੇ ਛੋਟਾ ਅਤੇ ਵਧੇਰੇ ਉਤਰਾਅ-ਚੜ੍ਹਾਅ ਵਾਲਾ ਹੋਣ ਕਰਕੇ ਇਸ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ ਗਿਰਾਵਟ ਦੋਵੇਂ ਵਧੇਰੇ ਹੁੰਦੀਆਂ ਹਨ। ਮਾਹਰਾਂ ਅਨੁਸਾਰ ਨੇੜਲੇ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦਾ ਹੈ। ਅਮਰੀਕਾ ਦੀ ਮਹਿੰਗਾਈ, ਵਿਆਜ ਦਰਾਂ ਬਾਰੇ ਫ਼ੈਸਲੇ, ਡਾਲਰ ਦੀ ਚਾਲ ਅਤੇ ਕੌਮਾਂਤਰੀ ਤਣਾਅ ਕੀਮਤਾਂ ਦੀ ਦਿਸ਼ਾ ਤੈਅ ਕਰਨ ਵਾਲੇ ਅਹਿਮ ਕਾਰਕ ਹੋਣਗੇ। ਹਾਲਾਂਕਿ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖ਼ਰੀਦ ਅਤੇ ਨਿਵੇਸ਼ ਫੰਡਾਂ ਵਿੱਚ ਪੈਸੇ ਦਾ ਪ੍ਰਵਾਹ ਲੰਮੇ ਸਮੇਂ ਵਿੱਚ ਇਸ ਨੂੰ ਸਹਾਰਾ ਦੇ ਸਕਦਾ ਹੈ।

Related posts

Pakistan ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ਵਿੱਚ ਚੋਣਾਂ ਕਰਵਾਉਣ ‘ਤੇ ਭਾਰਤ ਸਰਕਾਰ ਨੇ ਸਖ਼ਤ ਵਿਰੋਧ ਜਤਾਇਆ

Current Updates

ਕਪਿਲ ਸ਼ਰਮਾ ਨੇ ਫਿਲਮ “ਕਿਸ ਕਿਸਕੋ ਪਿਆਰ ਕਰੂੰ 2” ਦੀ ਸ਼ੂਟਿੰਗ ਸ਼ੁਰੂ ਕੀਤੀ

Current Updates

ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੂੰ ਤਾਜ਼ਾ ਸੰਮਨ ਜਾਰੀ ਕੀਤੇ ਹਨ

Current Updates

Leave a Comment