ਚੰਡੀਗੜ੍ਹ- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆ ਦੀਆਂ ਉੱਤਰ-ਪੱਤਰੀਆਂ (answer books) ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਹੈ। ਪ੍ਰੀਖਿਆਰਥੀ ਹੁਣ ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਲੈਣ ਲਈ 24 ਮਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਜਦੋਂ ਕਿ ਪਹਿਲਾਂ ਇਸ ਦੀ ਆਖਰੀ ਮਿਤੀ 23 ਮਈ ਨਿਰਧਾਰਤ ਕੀਤੀ ਗਈ ਸੀ। ਇਸ ਲਈ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਅਪਲਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬੋਰਡ ਦੀ ਵੈਬਸਾਈਟ ਕਈ ਵਾਰ ਕਰੈਸ਼ ਹੋਈ ਤੇ ਇਸ ਵਿਚ ਫੀਸਾਂ ਦੀ ਗਲਤ ਜਾਣਕਾਰੀ ਦਿਖਾਈ ਗਈ।
ਬੋਰਡ ਵੱਲੋਂ ਅੱਜ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੀ.ਬੀ.ਐੱਸ.ਈ. ਦੀ ਵੈੱਬਸਾਈਟ ‘ਤੇ ਉਮੀਦ ਤੋਂ ਬਹੁਤ ਜ਼ਿਆਦਾ ਟ੍ਰੈਫਿਕ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਵੈੱਬਸਾਈਟ ਵਿੱਚ ਅਣਅਧਿਕਾਰਤ ਤੌਰ ‘ਤੇ ਦਖਲਅੰਦਾਜ਼ੀ ਕਰਨ ਦੀਆਂ ਕਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ, ਜਿਸ ਕਾਰਨ ਵੈੱਬਸਾਈਟ ਦੇ ਕੰਮਕਾਜ ਵਿੱਚ ਰੁਕਾਵਟਾਂ ਆ ਰਹੀਆਂ ਹਨ। ਇਸ ਲਈ ਕੋਈ ਵੀ ਵਿਦਿਆਰਥੀ ਇਸ ਮੌਕੇ ਤੋਂ ਵਾਂਝਾ ਨਾ ਰਹਿ ਜਾਵੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ-ਪੱਤਰੀਆਂ ਦੀ ਸਕੈਨ ਕੀਤੀ ਫੋਟੋਕਾਪੀ ਪ੍ਰਾਪਤ ਕਰਨ ਦੀ ਆਖਰੀ ਮਿਤੀ ਨੂੰ ਵਧਾਇਆ ਜਾ ਰਿਹਾ ਹੈ। ਸੀ.ਬੀ.ਐੱਸ.ਈ. ਅਨੁਸਾਰ ਵਿਦਿਆਰਥੀਆਂ ਨੂੰ ਆਪਣੀ ਉੱਤਰ-ਪੱਤਰੀ ਦੀ ਸਕੈਨ ਕਾਪੀ ਮਿਲਣ ਤੋਂ ਬਾਅਦ ਅਗਲੇ ਪੜਾਅ ਉੱਤਰਾਂ ਦੀ ਦੁਬਾਰਾ ਜਾਂਚ (verification) ਜਾਂ ਮੁੜ-ਮੁਲਾਂਕਣ (re-evaluation) ਲਈ ਅਪਲਾਈ ਕਰਨ ਲਈ ਦੋ ਦਿਨਾਂ ਦਾ ਸਮਾਂ ਦਿੱਤਾ ਜਾਵੇਗਾ।
ਸਕੈਨ ਕੀਤੀ ਉੱਤਰ-ਪੱਤਰੀ ਪ੍ਰਾਪਤ ਕਰਨ ਦਾ ਤਰੀਕਾ ਅਤੇ ਨਿਯਮ- ਜਿਹੜੇ ਵਿਦਿਆਰਥੀ ਆਪਣੀ ਜਾਂਚੀ ਹੋਈ ਉੱਤਰ-ਪੱਤਰੀ ਦੀ ਸਕੈਨ ਕਾਪੀ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਲਈ ਖੁਦ ਹੀ ਅਪਲਾਈ ਕਰਨਾ ਹੋਵੇਗਾ। ਬੋਰਡ ਵੱਲੋਂ ਬਿਨੈਕਾਰਾਂ ਦੇ ਨਿੱਜੀ ਲੋਗਿਨ ਅਕਾਊਂਟ ਵਿੱਚ ਉੱਤਰ-ਪੱਤਰੀ ਦੀ ਸਕੈਨ ਕਾਪੀ ਉਪਲਬਧ ਕਰਵਾ ਦਿੱਤੀ ਜਾਵੇਗੀ, ਜਿੱਥੋਂ ਉਹ ਇਸ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਣਗੇ। ਵਿਦਿਆਰਥੀਆਂ ਨੂੰ ਉੱਤਰ-ਪੱਤਰੀ ਦੀ ਸਕੈਨ ਕਾਪੀ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਅਧਾਰ ‘ਤੇ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਦਾ ਮਤਲਬ ਹੈ ਕਿ ਜਿਸ ਵਿਦਿਆਰਥੀ ਨੇ ਪਹਿਲੇ ਦਿਨ ਅਪਲਾਈ ਕੀਤਾ ਹੋਵੇਗਾ, ਉਸ ਨੂੰ ਸਕੈਨ ਕਾਪੀ ਸਭ ਤੋਂ ਪਹਿਲਾਂ ਮਿਲੇਗੀ ਅਤੇ ਬਾਕੀਆਂ ਨੂੰ ਵੀ ਇਸੇ ਕ੍ਰਮ ਅਨੁਸਾਰ ਕਾਪੀਆਂ ਮਿਲਣਗੀਆਂ। ਕੋਈ ਵੀ ਪ੍ਰੀਖਿਆਰਥੀ ਉੱਤਰ-ਪੱਤਰੀਆਂ ਦੀ ਸਕੈਨ ਕਾਪੀ ਲਈ ਅਪਲਾਈ ਕਰਦੇ ਸਮੇਂ ਇੱਕ ਜਾਂ ਇੱਕ ਤੋਂ ਵੱਧ ਵਿਸ਼ਿਆਂ ਦੀ ਚੋਣ ਕਰ ਸਕਦਾ ਹੈ, ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਇਹ ਬਿਨੈ-ਪੱਤਰ ਇੱਕੋ ਵਾਰ ਵਿੱਚ ਪੂਰਾ ਕਰਨਾ ਹੋਵੇਗਾ, ਵੱਖ-ਵੱਖ ਹਿੱਸਿਆਂ ਵਿੱਚ ਨਹੀਂ। ਜੇਕਰ ਕੋਈ ਵਿਦਿਆਰਥੀ ਕਿਸੇ ਖਾਸ ਵਿਸ਼ੇ ਵਿੱਚ ਮਿਲੇ ਅੰਕਾਂ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ, ਤਾਂ ਉਸ ਨੂੰ ਬੋਰਡ ਦੇ ਨਿਯਮਾਂ ਅਨੁਸਾਰ ਮੁੜ-ਮੁਲਾਂਕਣ ਦੇ ਅਗਲੇ ਪੜਾਵਾਂ ਲਈ ਅਪਲਾਈ ਕਰਨਾ ਪਵੇਗਾ।
ਮੁੜ-ਮੁਲਾਂਕਣ ਅਤੇ ਅੰਕਾਂ ਦੀ ਦੁਬਾਰਾ ਜਾਂਚ ਲਈ ਜ਼ਰੂਰੀ ਸ਼ਰਤਾਂ- ਸਿਰਫ਼ ਉਹੀ ਵਿਦਿਆਰਥੀ ਉੱਤਰਾਂ ਦੀ ਦੁਬਾਰਾ ਜਾਂਚ ਜਾਂ ਮੁੜ-ਮੁਲਾਂਕਣ ਲਈ ਅਪਲਾਈ ਕਰਨ ਦੇ ਯੋਗ ਹੋਣਗੇ, ਜਿਨ੍ਹਾਂ ਨੇ ਪਹਿਲਾਂ ਉੱਤਰ-ਪੱਤਰੀ ਦੀ ਫੋਟੋਕਾਪੀ ਲਈ ਅਪਲਾਈ ਕੀਤਾ ਹੋਵੇਗਾ। ਬਿਨੈਕਾਰ ਨੂੰ ਸਬੰਧਤ ਵਿਸ਼ੇ ਦੀ ਮਾਰਕਿੰਗ ਸਕੀਮ (ਅੰਕ ਦੇਣ ਦੀ ਪ੍ਰਣਾਲੀ) ਨੂੰ ਧਿਆਨ ਵਿੱਚ ਰੱਖਣਾ ਹੋਵੇਗਾ, ਜੋ ਕਿ ਪ੍ਰਸ਼ਨ ਪੱਤਰ ਦੇ ਨਾਲ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਕਰਵਾਈ ਜਾਵੇਗੀ। ਵਿਦਿਆਰਥੀਆਂ ਦੁਆਰਾ ਕੀਤੀਆਂ ਗਈਆਂ ਬੇਨਤੀਆਂ ਦੀ ਸਥਿਤੀ (status) ਨੂੰ ਅਪਲੋਡ ਕਰ ਦਿੱਤਾ ਜਾਵੇਗਾ ਅਤੇ ਇਹ ਵਿਦਿਆਰਥੀ ਦੇ ਲੌਗਇਨ ਵੇਰਵਿਆਂ ‘ਤੇ ਦੇਖਣ ਲਈ ਉਪਲਬਧ ਹੋਵੇਗੀ। ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਜਾਂਚ ਦੌਰਾਨ ਇੱਕ ਨੰਬਰ ਵੀ ਘਟਦਾ ਹੈ, ਤਾਂ ਉਸ ਨੂੰ ਵੀ ਲਾਗੂ ਕੀਤਾ ਜਾਵੇਗਾ। ਸੀ.ਬੀ.ਐੱਸ.ਈ. ਦੇ ਨਿਯਮਾਂ ਅਨੁਸਾਰ ਮੁੜ-ਮੁਲਾਂਕਣ ਦਾ ਨਤੀਜਾ ਪੂਰੀ ਤਰ੍ਹਾਂ ਅੰਤਿਮ ਮੰਨਿਆ ਜਾਵੇਗਾ ਅਤੇ ਇਸ ਮੁੜ-ਮੁਲਾਂਕਣ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਅਪੀਲ ਜਾਂ ਨਜ਼ਰਸਾਨੀ ਸਵੀਕਾਰ ਨਹੀਂ ਕੀਤੀ ਜਾਵੇਗੀ। ਬੋਰਡ ਵੱਲੋਂ ਦਿੱਤੇ ਗਏ ਅੰਕ ਹੀ ਆਖਰੀ ਹੋਣਗੇ ਅਤੇ ਉਹ ਉਮੀਦਵਾਰਾਂ ਲਈ ਮੰਨਣੇ ਲਾਜ਼ਮੀ ਹੋਣਗੇ।
ਇਸ ਤੋਂਪਹਿਲਾਂ ਸਵੇਰ ਵੇਲੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਹਜ਼ਾਰਾਂ ਵਿਦਿਆਰਥੀ ਚਿੰਤਾ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਸਨ, ਕਿਉਂਕਿ ਬੋਰਡ ਦੇ ਆਨਲਾਈਨ ਪੋਰਟਲ ਵਿੱਚ ਆਈਆਂ ਤਕਨੀਕੀ ਖ਼ਰਾਬੀਆਂ ਕਾਰਨ ਉੱਤਰ-ਪੱਤਰੀਆਂ (answer sheets) ਦੀ ਰੀਵੈਲਿਊਏਸ਼ਨ (revaluation) ਲਈ ਅਰਜ਼ੀਆਂ ਜਮ੍ਹਾਂ ਕਰਨ ਵਿੱਚ ਲਗਾਤਾਰ ਰੁਕਾਵਟ ਆ ਰਹੀ ਸੀ। ਵੱਖ ਵੱਖ ਥਾਵਾਂ ਤੋਂ ਵਿਦਿਆਰਥੀਆਂ ਦੇ ਦੋਸ਼ ਸਾਹਮਣੇ ਆ ਰਹੇ ਹਨ ਕਿ ਉਹ 19 ਮਈ ਤੋਂ ਰੀਵੈਲਿਊਏਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਇਸ ਤੱਕ ਪਹੁੰਚ ਕਰਨ ਜਾਂ ਇਸਨੂੰ ਪੂਰਾ ਕਰਨ ਵਿੱਚ ਅਸਮਰੱਥ ਰਹੇ ਹਨ। ਅਰਜ਼ੀ ਦੇਣ ਦੀ ਖਿੜਕੀ (ਵਿੰਡੋ), ਜੋ ਪਹਿਲਾਂ 22 ਮਈ ਨੂੰ ਬੰਦ ਹੋਣੀ ਸੀ, ਨੂੰ ਬੋਰਡ ਵੱਲੋਂ ਪੋਰਟਲ ਨੂੰ ਪ੍ਰਭਾਵਿਤ ਕਰਨ ਵਾਲੀਆਂ ਤਕਨੀਕੀ ਸਮੱਸਿਆਵਾਂ ਨੂੰ ਸਵੀਕਾਰ ਕਰਨ ਤੋਂ ਬਾਅਦ 23 ਮਈ ਤੱਕ ਵਧਾ ਦਿੱਤਾ ਗਿਆ ਸੀ।
ਕਈ ਵਿਦਿਆਰਥੀਆਂ ਅਤੇ ਮਾਪਿਆਂ ਨੇ ਦਾਅਵਾ ਕੀਤਾ ਕਿ ਵੈੱਬਸਾਈਟ ਜਾਂ ਤਾਂ ਵਾਰ-ਵਾਰ ਕ੍ਰੈਸ਼ ਹੋ ਜਾਂਦੀ ਹੈ ਜਾਂ ਪੇਮੈਂਟ (ਭੁਗਤਾਨ) ਅਤੇ ਅਰਜ਼ੀ ਦੇ ਵੇਰਵਿਆਂ ਦੀ ਪ੍ਰਕਿਰਿਆ ਕਰਨ ਵਿੱਚ ਅਸਫ਼ਲ ਰਹਿੰਦੀ ਹੈ, ਜਿਸ ਕਾਰਨ ਉਮੀਦਵਾਰ ਆਖਰੀ ਤਾਰੀਖ ਲੰਘ ਜਾਣ ਦੇ ਡਰ ਤੋਂ ਚਿੰਤਤ ਹਨ। ਚੱਲ ਰਹੀ ਅਨਿਸ਼ਚਿਤਤਾ ਨੇ ਅਜਿਹੇ ਨਾਜ਼ੁਕ ਸਮੇਂ ਹਜ਼ਾਰਾਂ ਵਿਦਿਆਰਥੀਆਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ ਜਦੋਂ ਬਹੁਤ ਸਾਰੇ ਯੂਨੀਵਰਸਿਟੀ ਦਾਖਲਿਆਂ ਅਤੇ ਪ੍ਰਤੀਯੋਗੀ ਕੋਰਸਾਂ (competitive courses) ਲਈ ਅਰਜ਼ੀਆਂ ਤਿਆਰ ਕਰ ਰਹੇ ਹਨ।
ਪਰ ਦੂਜੇ ਪਾਸੇ ਅੱਜ ਤੜਕਸਾਰ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬੋਰਡ ਦੀਆਂ ਉੱਤਰ-ਪੱਤਰੀਆਂ (answer books) ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਲਈ ਅਪਲਾਈ ਕਰਨ ਵਾਲਾ ਆਨਲਾਈਨ ਪੋਰਟਲ ਹੁਣ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ।
ਬੋਰਡ ਨੇ ਦੱਸਿਆ ਕਿ ਪੋਰਟਲ ਵਿੱਚ ਆਈਆਂ ਤਕਨੀਕੀ ਖ਼ਰਾਬੀਆਂ ਨੂੰ ਪੂਰੀ ਤਰ੍ਹਾਂ ਠੀਕ ਕਰਕੇ ਇਸਨੂੰ ਸੁਚਾਰੂ (fully functional) ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੀਬੀਐਸਈ ਨੇ ਮੁਸ਼ਕਿਲ ਭਰੇ ਸਮੇਂ ਦੌਰਾਨ ਸਹਿਯੋਗ ਦੇਣ ਲਈ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਦਾ ਉਨ੍ਹਾਂ ਦੇ ਸਬਰ ਅਤੇ ਤਾਲਮੇਲ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।
