ਚੇਨੱਈ- ਭਾਰਤ ਦੇ ਦਿੱਗਜ ਆਫ-ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵਨਡੇ (ODI) ਕ੍ਰਿਕਟ ਦੇ ਭਵਿੱਖ ਨੂੰ ਲੈ ਕੇ ਇੱਕ ਵੱਡਾ ਅਤੇ ਹੈਰਾਨੀਜਨਕ ਬਿਆਨ ਦਿੱਤਾ ਹੈ। ਅਸ਼ਵਿਨ ਦਾ ਮੰਨਣਾ ਹੈ ਕਿ 2027 ਦੇ ਵਿਸ਼ਵ ਕੱਪ ਤੋਂ ਬਾਅਦ ਵਨਡੇ ਫਾਰਮੈਟ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰੇਗਾ। ਉਨ੍ਹਾਂ ਅਨੁਸਾਰ, ਜਿਸ ਦਿਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਮਹਾਨ ਖਿਡਾਰੀ ਖੇਡ ਨੂੰ ਅਲਵਿਦਾ ਕਹਿ ਦੇਣਗੇ, ਉਸ ਤੋਂ ਬਾਅਦ ਇਸ 50-ਓਵਰਾਂ ਦੇ ਫਾਰਮੈਟ ਦੀ ਪ੍ਰਸਿੱਧੀ ਅਤੇ ਪ੍ਰਸੰਗਿਕਤਾ ਬਰਕਰਾਰ ਰੱਖਣੀ ਬਹੁਤ ਔਖੀ ਹੋ ਜਾਵੇਗੀ। ਆਪਣੇ ਯੂਟਿਊਬ ਚੈਨਲ ’ਤੇ ਗੱਲ ਕਰਦਿਆਂ ਅਸ਼ਵਿਨ ਨੇ ਕਿਹਾ ਕਿ ਅੱਜ ਵੀ ਲੋਕ ਵਿਜੇ ਹਜ਼ਾਰੇ ਟਰਾਫੀ ਵਰਗੇ ਘਰੇਲੂ ਟੂਰਨਾਮੈਂਟ ਸਿਰਫ਼ ਇਸ ਲਈ ਦੇਖ ਰਹੇ ਹਨ ਕਿਉਂਕਿ ਰੋਹਿਤ ਅਤੇ ਵਿਰਾਟ ਉਸ ਵਿੱਚ ਖੇਡ ਰਹੇ ਹਨ।
ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਇਹ ਦਿੱਗਜ ਖਿਡਾਰੀ ਸੰਨਿਆਸ ਲੈ ਲੈਣਗੇ, ਤਾਂ ਕੀ ਲੋਕ ਵਨਡੇ ਕ੍ਰਿਕਟ ਦੇਖਣਾ ਪਸੰਦ ਕਰਨਗੇ? ਅਸ਼ਵਿਨ ਮੁਤਾਬਕ ਟੈਸਟ ਕ੍ਰਿਕਟ ਦੀ ਆਪਣੀ ਇੱਕ ਮਰਿਆਦਾ ਹੈ ਅਤੇ ਟੀ-20 ਦਾ ਕ੍ਰੇਜ਼ ਵਧ ਰਿਹਾ ਹੈ, ਜਿਸ ਕਾਰਨ ਵਨਡੇ ਫਾਰਮੈਟ ਲਈ ਜਗ੍ਹਾ ਲਗਾਤਾਰ ਸੁੰਗੜ ਰਹੀ ਹੈ। ਅਸ਼ਵਿਨ ਨੇ ਵਨਡੇ ਕ੍ਰਿਕਟ ਦੇ ਬਦਲਦੇ ਰੂਪ ‘ਤੇ ਚਰਚਾ ਕਰਦਿਆਂ ਕਿਹਾ ਕਿ ਕਿਸੇ ਸਮੇਂ ਇਹ ਫਾਰਮੈਟ ਐਮ.ਐਸ. ਧੋਨੀ ਵਰਗੇ ਖਿਡਾਰੀ ਪੈਦਾ ਕਰਦਾ ਸੀ, ਜੋ ਲੰਬੇ ਸਮੇਂ ਤੱਕ ਪਾਰੀ ਨੂੰ ਸੰਭਾਲ ਕੇ ਅੰਤ ਵਿੱਚ ਧਮਾਕੇਦਾਰ ਬੱਲੇਬਾਜ਼ੀ ਕਰਦੇ ਸਨ। ਪਰ ਹੁਣ ਦੋ ਨਵੀਆਂ ਗੇਂਦਾਂ ਅਤੇ ਫੀਲਡਿੰਗ ਦੇ ਸਖ਼ਤ ਨਿਯਮਾਂ ਕਾਰਨ ਖੇਡ ਪੂਰੀ ਤਰ੍ਹਾਂ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਅਜੋਕਾ ਵਨਡੇ ਕ੍ਰਿਕਟ ਜਾਂ ਤਾਂ ਬਹੁਤ ਜ਼ਿਆਦਾ ਦੌੜਾਂ ਵਾਲਾ (Basha-Thon) ਬਣ ਗਿਆ ਹੈ ਜਾਂ ਫਿਰ ਟੀਮਾਂ 120 ਦੌੜਾਂ ‘ਤੇ ਹੀ ਢੇਰ ਹੋ ਰਹੀਆਂ ਹਨ।
ਅਸ਼ਵਿਨ ਨੇ ਆਈ.ਸੀ.ਸੀ. (ICC) ਨੂੰ ਫੁੱਟਬਾਲ ਦੀ ਸੰਸਥਾ ਫੀਫਾ (FIFA) ਤੋਂ ਸਿੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਹਰ ਸਾਲ ਆਈ.ਸੀ.ਸੀ. ਟੂਰਨਾਮੈਂਟ ਕਰਵਾਉਣ ਨਾਲ ਵਿਸ਼ਵ ਕੱਪ ਦੀ ਅਹਿਮੀਅਤ ਘਟਦੀ ਹੈ। ਉਨ੍ਹਾਂ ਮੁਤਾਬਕ ਵਨਡੇ ਕ੍ਰਿਕਟ ਨੂੰ ਬਚਾਉਣ ਦਾ ਇੱਕੋ-ਇੱਕ ਹੱਲ ਇਹ ਹੈ ਕਿ ਦੁਵੱਲੀਆਂ (Bilateral) ਲੜੀਆਂ ਘਟਾ ਦਿੱਤੀਆਂ ਜਾਣ ਅਤੇ ਵਨਡੇ ਫਾਰਮੈਟ ਸਿਰਫ਼ ਹਰ ਚਾਰ ਸਾਲ ਬਾਅਦ ਵਿਸ਼ਵ ਕੱਪ ਦੇ ਰੂਪ ਵਿੱਚ ਹੀ ਖੇਡਿਆ ਜਾਵੇ, ਤਾਂ ਜੋ ਦਰਸ਼ਕਾਂ ਵਿੱਚ ਇਸ ਦਾ ਉਤਸ਼ਾਹ ਬਣਿਆ ਰਹੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਹ ਫਾਰਮੈਟ ਹੌਲੀ-ਹੌਲੀ ਖ਼ਤਮ ਹੋ ਜਾਵੇਗਾ।
