ਨਵੀਂ ਦਿੱਲੀ- ਭਾਰਤ ਸਰਕਾਰ ਨੇ ਵੱਡੀ ਗਿਣਤੀ ਵਿੱਚ ਭਾਰਤੀ ਬਿਨੈਕਾਰਾਂ ਦੀਆਂ ਪਹਿਲਾਂ ਤੋਂ ਤੈਅ H1B ਵੀਜ਼ਾ ਇੰਟਰਵਿਊਆਂ ਰੱਦ ਕੀਤੇ ਜਾਣ ਦੇ ਮੁੱਦੇ ਨੂੰ ਅਮਰੀਕਾ ਕੋਲ ਬਹੁਤ ਗੰਭੀਰਤਾ ਨਾਲ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਭਾਰਤੀ ਨਾਗਰਿਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਲਗਾਤਾਰ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।
ਦਰਅਸਲ ਇਸ ਮਹੀਨੇ ਦੇ ਅੱਧ ਤੋਂ ਤੈਅ ਹਜ਼ਾਰਾਂ ਭਾਰਤੀਆਂ ਦੀਆਂ ਇੰਟਰਵਿਊਆਂ ਨੂੰ ਅਮਰੀਕਾ ਨੇ ਅਚਾਨਕ ਕਈ ਮਹੀਨਿਆਂ ਲਈ ਅੱਗੇ ਪਾ ਦਿੱਤਾ ਹੈ। ਹੁਣ ਬਿਨੈਕਾਰਾਂ ਨੂੰ ਅਗਲੇ ਸਾਲ ਮਈ ਤੱਕ ਦੀਆਂ ਤਰੀਕਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਇੰਟਰਵਿਊਆਂ ਨੂੰ ਮੁਲਤਵੀ ਕਰਨ ਦਾ ਕਾਰਨ ਬਿਨੈਕਾਰਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਆਨਲਾਈਨ ਪ੍ਰੋਫਾਈਲਾਂ ਦੀ ਡੂੰਘਾਈ ਨਾਲ ਜਾਂਚ (Vetting) ਦੱਸਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਬਹੁਤ ਸਾਰੇ ਭਾਰਤੀ ਇਸ ਸਮੇਂ ਭਾਰਤ ਵਿੱਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਕੋਲ ਅਮਰੀਕਾ ਵਾਪਸ ਜਾਣ ਲਈ ਵੈਧ ਵੀਜ਼ਾ ਨਹੀਂ ਹੈ। ਇਸ ਕਾਰਨ ਉਨ੍ਹਾਂ ਦੀਆਂ ਨੌਕਰੀਆਂ ਅਤੇ ਪਰਿਵਾਰਾਂ ’ਤੇ ਵੱਡਾ ਸੰਕਟ ਆ ਗਿਆ ਹੈ।
ਭਾਰਤ ਸਰਕਾਰ ਨੇ ਦਿੱਲੀ ਅਤੇ ਵਾਸ਼ਿੰਗਟਨ ਦੋਵਾਂ ਥਾਵਾਂ ’ਤੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ। ਹਾਲਾਂਕਿ ਵੀਜ਼ਾ ਨਿਯਮ ਕਿਸੇ ਵੀ ਦੇਸ਼ ਦਾ ਅੰਦਰੂਨੀ ਮਾਮਲਾ ਹੁੰਦਾ ਹੈ, ਪਰ ਭਾਰਤ ਦਾ ਕਹਿਣਾ ਹੈ ਕਿ ਅਚਾਨਕ ਕੀਤੇ ਗਏ ਇਸ ਬਦਲਾਅ ਨਾਲ ਭਾਰਤੀ ਨਾਗਰਿਕਾਂ ਨੂੰ ਬੇਲੋੜੀ ‘ਖੱਜਲ-ਖੁਆਰੀ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
