ਬਠਿੰਡਾ- ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਅੱਜ ਸਾਂਝੇ ਤੌਰ ’ਤੇ ਨਿੱਜੀਕਰਨ ਅਤੇ ਹੋਰ ਕਥਿਤ ਲੋਕ ਮਾਰੂ ਨੀਤੀਆਂ ਵਿਰੁੱਧ ਇੱਥੇ ਟੀਚਰਜ਼ ਹੋਮ ਵਿੱਚ ਕਨਵੈਨਸ਼ਨ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਲੋਕ ਮੋਰਚਾ ਦੇ ਸੂਬਾ ਸਕੱਤਰ ਮਾ. ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਤੋਂ ਇਲਾਵਾ ਇਨਕਲਾਬੀ ਕੇਂਦਰ ਦੇ ਆਗੂ ਮੁਖਤਿਆਰ ਪੂਹਲਾ ਅਤੇ ਬੀ.ਕੇ.ਯੂ ਡਕੌਂਦਾ (ਧਨੇਰ) ਦੇ ਆਗੂ ਗੁਰਦੀਪ ਰਾਮਪੁਰਾ ਨੇ ‘ਬਿਜਲੀ ਸੋਧ ਬਿੱਲ-2025’ ’ਤੇ ਚਰਚਾ ਕਰਦਿਆਂ ਦੋਸ਼ ਲਾਇਆ ਕਿ ਇਹ ਬਿੱਲ ਬਿਜਲੀ ਵੰਡ ਦੇ ਖੇਤਰ ਵਿੱਚ ਨਿੱਜੀ ਵਪਾਰੀਆਂ ਦੇ ਦਾਖ਼ਲੇ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਤੇ ਨਿੱਜੀਕਰਨ ਦੀ ਜੜ੍ਹ ਖ਼ਿਲਾਫ਼ ਸਾਂਝੇ ਸੰਘਰਸ਼ਾਂ ਦੇ ਪਿੜ ਬੰਨ੍ਹਣ ਦੀ ਲੋੜ ਹੈ। ਮੰਚ ਸੰਚਾਲਨ ਸੁਖਵਿੰਦਰ ਬਠਿੰਡਾ ਨੇ ਕੀਤਾ। ਹਰਬੰਸ ਘਣੀਆਂ ਅਤੇ ਹਰਮੀਤ ਕੋਟਗੁਰੂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਜਗਜੀਤ ਲਹਿਰਾ ਮੁਹੱਬਤ ਨੇ ਧੰਨਵਾਦ ਕੀਤਾ।
