ਪਟਿਆਲਾ- ਪੰਜਾਬੀ ਵਿਕੀਮੀਡੀਆ ਯੂਜਰ ਗਰੁੱਪ ਦੀ ਇੱਕ ਮਹੱਤਵਪੂਰਨ ਬੈਠਕ ਅਰਬਨ ਅਸਟੇਟ ਪਟਿਆਲਾ ਵਿਖੇ ਸੰਪੰਨ ਹੋਈ। ਬੈਠਕ ਦੌਰਾਨ ਪੰਜਾਬੀ ਭਾਸ਼ਾ ਨਾਲ ਮੋਹ ਰੱਖਣ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਵਿਦਵਾਨਾਂ, ਬੁੱਧੀਜੀਵੀਆਂ ਅਤੇ ਹਰੇਕ ਖੇਤਰ ਦੇ ਮਾਹਿਰਾਂ ਨੂੰ ਅਪੀਲ ਕੀਤੀ ਗਈ ਕਿ ਉਹ 14 ਦਸੰਬਰ ਤੱਕ ਚੱਲਣ ਵਾਲੇ ਵਿਕੀਪੀਡੀਆ ਏਸ਼ੀਆਈ ਮਹੀਨੇ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਤਾਂ ਜੋ ਇੰਟਰਨੈਟ ਦੇ ਡਿਜੀਟਲ ਪਲੇਟਫਾਰਮ ‘ਤੇ ਪੰਜਾਬੀ ਭਾਸ਼ਾ ਹੋਰ ਅਮੀਰ ਹੋਵੇ ਅਤੇ ਭਵਿੱਖੀ ਪੀੜ੍ਹੀਆਂ ਲਈ ਪੰਜਾਬੀ ਵਿੱਚ ਗਿਆਨ ਅਤੇ ਭਰੋਸੇਯੋਗ ਜਾਣਕਾਰੀ ਉਪਲਬਧ ਹੋਵੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਦੱਸਿਆ ਕਿ ਬੈਠਕ ਗਰੁੱਪ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਦੀ ਅਗਵਾਈ ਵਿੱਚ ਹੋਈ, ਜਦਕਿ ਮੀਟਿੰਗ ਦੀ ਪ੍ਰਧਾਨਗੀ ਉੱਤਰੀ ਖੇਤਰੀ ਭਾਸ਼ਾਵਾਂ ਕੇਂਦਰ ਦੇ ਨਿਰਦੇਸ਼ਕ ਅਤੇ ਪ੍ਰਸਿੱਧ ਸਾਹਿਤਕਾਰ ਡਾ. ਪਵਨ ਟਿੱਬਾ ਨੇ ਕੀਤੀ। ਉੱਘੇ ਵਿਦਵਾਨ ਪ੍ਰੋ. ਬਲਬੀਰ ਸਿੰਘ ਬੱਲੀ ਵਿਸ਼ੇਸ ਤੌਰ ਤੇ ਮੀਟਿੰਗ ਵਿੱਚ ਸ਼ਾਮਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਟਿੱਬਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇੰਟਰਨੈਟ ਉਪਰ ਪੰਜਾਬੀ ਭਾਸ਼ਾ ਵਿੱਚ ਗਿਆਨ ਅਤੇ ਸੂਚਨਾ ਸਮੱਗਰੀ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਵਿਕੀਮੀਡੀਆ ਫਾਉਂਡੇਸ਼ਨ ਦੇ ਪੰਜਾਬੀ ਭਾਸ਼ਾ ਦੇ ਪ੍ਰੋਜੈਕਟ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ 14 ਦਸੰਬਰ ਤੱਕ ਚੱਲਣ ਵਾਲੇ ਵਿਕੀਪੀਡੀਆ ਏਸ਼ੀਆਈ ਮਹੀਨੇ ਵਿੱਚ ਹਰ ਖੇਤਰ ਦੇ ਵਿਅਕਤੀ ਨੂੰ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਵਿਕੀਪੀਡੀਆ ਉੱਪਰ ਹੋਰ ਮਿਆਰੀ ਅਤੇ ਗਿਆਨ ਭਰਪੂਰ ਲੇਖ ਉਪਲਬੱਧ ਹੋ ਸਕਣ। ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਨੇ ਦੱਸਿਆ ਕਿ ਵਿਕੀਪੀਡੀਆ ਏਸ਼ੀਆਈ ਮਹੀਨਾ ਇਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਦਾ ਮੁਕਾਬਲਾ ਹੈ, ਜਿਸ ਦੌਰਾਨ ਏਸ਼ੀਆਈ ਵਿਸ਼ਿਆਂ ਬਾਰੇ ਵੱਖ-ਵੱਖ ਭਾਸ਼ਾਵਾਂ ਵਿੱਚ ਲੇਖ ਬਣਾਏ ਜਾਂਦੇ ਹਨ। ਇਸ ਵਾਰ ਵੀ ਇਹ ਮੁਕਾਬਲਾ 15 ਨਵੰਬਰ 2025 ਤੋਂ 14 ਦਸੰਬਰ 2025 ਤੱਕ ਕਰਵਾਇਆ ਜਾ ਰਿਹਾ ਹੈ। ਮਹੀਨੇ ਦੇ ਅੰਤ ਵਿਚ ਸਭ ਤੋਂ ਜ਼ਿਆਦਾ ਲੇਖ ਬਣਾਉਣ ਵਾਲੇ ਨੂੰ “ਵਿਕੀਪੀਡੀਆ ਏਸ਼ੀਅਨ ਮਹੀਨੇ ਦੇ ਗੋਲਡਨ ਅਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੋ. ਬੱਲੀ ਨੇ ਇਸ ਲੇਖ ਮੁਕਾਬਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬੀ ਯੂਜ਼ਰਾਂ ਦੀ ਭਾਗੀਦਾਰੀ ਨਾਲ ਨਾ ਸਿਰਫ ਭਾਸ਼ਾ ਦਾ ਵਿਕਾਸ ਹੋਵੇਗਾ, ਸਗੋਂ ਸਾਡੀ ਸਭਿਆਚਾਰਕ ਵਿਰਾਸਤ ਨੂੰ ਵੀ ਵਿਸ਼ਵ ਪੱਧਰ ‘ਤੇ ਲਿਆ ਜਾ ਸਕਦਾ ਹੈ। ਸੀਨੀਅਰ ਵਿਕੀਮੀਡੀਅਨ ਚਰਨ ਗਿੱਲ ਨੇ ਕਿਹਾ ਕਿ ਵਿਕੀਪੀਡੀਆ ਉੱਤੇ ਖਾਤਾ ਬਣਾ ਕੇ ਪੰਜਾਬੀ ਭਾਸ਼ਾ ਹਿੱਤ ਵਲੰਟੀਅਰ ਕੰਮ ਕਰਨ ਦੇ ਇਛੁੱਕ ਵਿਅਕਤੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਬੈਠਕ ਵਿੱਚ ਡਾ. ਗੁਰਲਾਲ ਮਾਨ, ਸੁਖਜੀਵਨ ਸਿੰਘ ਗੀਤ ਆਰਟਸ, ਗੁਰਮੇਲ ਕੌਰ, ਅੰਮ੍ਰਿਤਪਾਲ ਕੌਰ ਅਮਨ, ਹਰਪ੍ਰੀਤ ਕੌਰ, ਤਮਨਪ੍ਰੀਤ ਕੌਰ ਅਤੇ ਹੋਰ ਵਿਕੀਮੀਡੀਅਨ ਸ਼ਾਮਲ ਹੋਏ।
