ਨਵੀਂ ਦਿੱਲੀ- ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਇੱਕ ਬਲੌਗ ਸਾਂਝਾ ਕੀਤਾ ਹੈ ਜਿਸ ਵਿੱਚ ਉਨ੍ਹਾਂ ਲਿਖਿਆ, ‘‘ਕੋਈ ਨੈਤਿਕਤਾ ਜਾਂ ਜ਼ਿੰਮੇਵਾਰੀ ਦੀ ਭਾਵਨਾ ਨਹੀਂ… ਸਿਰਫ਼ ਨਿੱਜੀ ਲਾਭ ਦਾ ਇੱਕ ਸਾਧਨ।’’ ਅਦਾਕਾਰ ਵੱਲੋਂ ਸ਼ੁੱਕਰਵਾਰ ਨੂੰ ਸਾਂਝੀ ਕੀਤੀ ਗਈ ਪੋਸਟ ਵਿੱਚ ਕਿਸੇ ਦਾ ਨਾਮ ਨਹੀਂ ਲਿਖਿਆ ਗਿਆ ਹੈ। 83 ਸਾਲਾ ਅਦਾਕਾਰ ਨੇ ਲਿਖਿਆ, “ਕੋਈ ਨੈਤਿਕਤਾ ਨਹੀਂ.. ਕੋਈ ਜ਼ਿੰਮੇਵਾਰੀ ਦੀ ਭਾਵਨਾ ਨਹੀਂ.. ਸਿਰਫ਼ ਨਿੱਜੀ ਲਾਭ ਦਾ ਇੱਕ ਰਾਹ, ਪਲ ਦੀ ਕੋਈ ਪਰਵਾਹ ਕੀਤੇ ਬਿਨਾਂ… ਪਰੇਸ਼ਾਨ ਕਰਨ ਵਾਲਾ ਅਤੇ ਘਿਣਾਉਣਾ।” ਐਕਸ (X) ‘ਤੇ ਇੱਕ ਵੱਖਰੀ ਪੋਸਟ ਵਿੱਚ ਉਨ੍ਹਾਂ ਕਿਹਾ, “ਕੋਈ ਨੈਤਿਕਤਾ ਨਹੀਂ… ਕੋਈ ਵੀ ਨੀਤੀ ਨਹੀਂ।” ਗ਼ੌਰਤਲਬ ਹੈ ਕਿ ਬੱਚਨ ਦੀ ਇਹ ਪੋਸਟ ਉਨ੍ਹਾਂ ਦੇ ‘ਸ਼ੋਲੇ’ ਫਿਲਮ ਦੇ ਸਹਿ-ਕਲਾਕਾਰ ਧਰਮਿੰਦਰ ਦੀ ਸਿਹਤ ਸੰਬੰਧੀ ਚੱਲ ਰਹੀ ਮੀਡੀਆ ਕਵਰੇਜ ਦੇ ਵਿਚਕਾਰ ਆਈ ਹੈ।
ਧਰਮਿੰਦਰ ਨੂੰ ਪਿਛਲੇ ਹਫ਼ਤੇ ਟੈਸਟਾਂ ਲਈ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬੁੱਧਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਦਾ ਘਰ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਮੀਡੀਆ ਕਰਮਚਾਰੀ ਹਸਪਤਾਲ ਅਤੇ ਦਿਓਲ ਨਿਵਾਸ ਦੇ ਬਾਹਰ ਡੇਰੇ ਲਾਈ ਬੈਠੇ ਸਨ, ਜਿਸ ਕਾਰਨ ਪਰਿਵਾਰ ਨੂੰ ਨਿੱਜਤਾ (privacy) ਬਣਾਏ ਰੱਖਣ ਦੀਆਂ ਅਪੀਲਾਂ ਕਰਨੀਆਂ ਪਈਆਂ। ਵੀਰਵਾਰ ਨੂੰ ਧਰਮਿੰਦਰ ਦੇ ਪੁੱਤਰ ਅਦਾਕਾਰ ਸੰਨੀ ਦਿਓਲ ਨੇ, ਜੂਹੂ ਸਥਿਤ ਆਪਣੇ ਘਰ ਦੇ ਬਾਹਰ ਇਕੱਠੇ ਹੋਏ ਫੋਟੋਗ੍ਰਾਫ਼ਰਾਂ ਨੂੰ ਸਖ਼ਤ ਫਟਕਾਰ ਲਾਈ ਸੀ।
