ਆਸਟਰੇਲੀਆ- ਵੇਰੀਟੀ ਵਾਂਡੇਲ ਨਾਮ ਦੀ ਆਸਟਰੇਲਿਆਈ ਔਰਤ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਨੇ ਇੰਟਰਨੈੱਟ ’ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਕਲਿੱਪ ਵਿੱਚ ਭਾਰਤੀ ਮੂਲ ਦਾ ਇਕ ਸਿੱਖ, ਜੋ ਪੇਸ਼ੇ ਵਜੋਂ ਡਾਕੀਏ ਦਾ ਕੰਮ ਕਰਦਾ ਹੈ, ਅਚਾਨਕ ਮੀਂਹ ਆਉਣ ਕਰਕੇ ਘਰ ਦੇ ਬਾਹਰ ਸੁੱਕਣੇ ਪਾਏ ਕੱਪੜਿਆਂ ਨੂੰ ਲਾਹੁੰਦਾ ਤੇ ਮਗਰੋਂ ਤਹਿ ਲਾ ਕੇ ਰੱਖਦਾ ਦਿਖਾਈ ਦੇ ਰਿਹਾ ਹੈ।
ਇਹ ਸਿੱਖ ਡਾਕੀਆ ਇਕ ਪਾਰਸਲ ਦੇਣ ਲਈ Verrity Wandel ਦੇ ਘਰ ਆਇਆ ਸੀ। ਪਰ ਜਦੋਂ ਉਹ ਪਹੁੰਚਿਆ ਤਾਂ ਅਚਾਨਕ ਮੀਂਹ ਪੈਣ ਲੱਗਾ ਤੇ ਉਸ ਨੇ ਘਰ ਦੇ ਬਾਹਰ ਸੁੱਕਣੇ ਪਾਏ ਕੱਪੜੇ ਪਹਿਲਾਂ ਇਕੱਠੇ ਕੀਤੇ ਤੇ ਮਗਰੋਂ ਤਹਿ ਲਾ ਕੇ ਰੱਖ ਦਿੱਤੇ। ਵਾਂਡੇਲ ਨੇ ਬਾਅਦ ਵਿੱਚ ਇੰਸਟਾਗ੍ਰਾਮ ’ਤੇ ਜਾ ਕੇ ਸਿੱਖ ਡਾਕੀਏ ਨਾਲ ਇੱਕ ਸੈਲਫੀ ਪੋਸਟ ਕੀਤੀ ਅਤੇ ਹੇਠਾਂ ਕੈਪਸ਼ਨ ਲਿਖੀ, ‘ਗੁਰਪ੍ਰੀਤ ਸਿੰਘ ਨੂੰ ਮਿਲੋ, ਉਸ ਸ਼ਾਨਦਾਰ ਡਾਕੀਏ ਨੂੰ ਜੋ ਮੀਂਹ ਪੈਣ ‘ਤੇ ਬਾਹਰ ਸੁੱਕਣੇ ਪਾਏ ਕੱਪੜਿਆਂ ਲੈ ਕੇ ਆਇਆ ਸੀ।’’
ਇਸ ਮਹਿਲਾ ਨੇ ਵੀਡੀਓ ਨਾਲ ਆਪਣੀ ਪਹਿਲੀ ਪੋਸਟ ਵਿੱਚ ਲਿਖਿਆ, “ਅਸੀਂ ਘਰ ਵਿਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤੇ ਦੋਖੋ ਸਾਨੂੰ ਕੀ ਮਿਲਦਾ ਹੈ। ਲੱਖਾਂ ਵਿੱਚੋਂ ਇੱਕ ਇਹ ਬੰਦਾ ਬਹੁਤ ਵਧੀਆ ਹੈ। ਮੈਂ ਆਪਣੀ ਅਗਲੀ ਡਲਿਵਰੀ ਤੱਕ ਉਸ ਦੀ ਉਡੀਕ ਨਹੀਂ ਕਰ ਸਕੀ ਤੇ ਮੈਂ ਉਸ ਨੂੰ ਧੰਨਵਾਦ ਕਹਾਂਗੀ।’’ ਇਸ ਪੂਰੀ ਘਟਨਾ ਨੇ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। ਅਦਾਕਾਰਾ ਨੇ ਉਸ ਨੂੰ ਇਕ ਸੱਚਾ ‘ਅਸਲ ਹੀਰੋ’ ਦੱਸਿਆ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ‘‘ਕਿੰਨਾ ਭਲਾ ਆਦਮੀ ਹੈ, ਸਾਬਾਸ਼ ਸਰ।’’ ਇੱਕ ਹੋਰ ਨੇ ਕਿਹਾ, “ਕਿੰਨਾ ਮਹਾਨ ਹੈ, ਉਸ ਨੂੰ ਅਸ਼ੀਰਵਾਦ ਦਿਓ!!।’’ ਇਕ ਹੋਰ ਨੇ ਪੋਸਟ ਕੀਤਾ, “ਸਰਦਾਰ ਜੀ ਨੇ ਸੋਸ਼ਲ ਮੀਡੀਆ ’ਤੇ ਸਾਰਿਆਂ ਦਾ ਦਿਲ ਜਿੱਤ ਲਿਆ, ਮਨੁੱਖਤਾ ਦੀ ਸਭ ਤੋਂ ਵਧੀਆ ਮਿਸਾਲ।’’ ਇੱਕ ਹੋਰ ਵਿਅਕਤੀ ਨੇ ਟਿੱਪਣੀ ਕੀਤੀ, ‘‘ਸਾਰੇ ਹੀਰੋ ਕੈਪ ਨਹੀਂ ਪਾਉਂਦੇ… ਕੁਝ ਡਾਕ ਪਹੁੰਚਾਉਂਦੇ ਹਨ! ਯਕੀਨਨ ਉਹ ਸਿਰਫ਼ ਧੰਨਵਾਦ ਤੋਂ ਵੱਧ ਦਾ ਹੱਕਦਾਰ ਹੈ।’’
