December 28, 2025
ਖਾਸ ਖ਼ਬਰਰਾਸ਼ਟਰੀ

ਭਾਰਤ ਨਾਲ ਸੌਦਾ ਅਜੇ ਫਾਈਨਲ ਨਹੀਂ ਹੋਇਆ, ਦਰਾਮਦ ’ਤੇ ਲੱਗ ਸਕਦਾ ਹੈ 20-25 ਫੀਸਦੀ ਟੈਕਸ :ਟਰੰਪ

ਭਾਰਤ ਨਾਲ ਸੌਦਾ ਅਜੇ ਫਾਈਨਲ ਨਹੀਂ ਹੋਇਆ, ਦਰਾਮਦ ’ਤੇ ਲੱਗ ਸਕਦਾ ਹੈ 20-25 ਫੀਸਦੀ ਟੈਕਸ :ਟਰੰਪ

ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਤੋਂ ਆਉਣ ਵਾਲੀਆਂ ਵਸਤਾਂ ’ਤੇ 20 ਤੋਂ 25 ਫੀਸਦੀ ਤੱਕ ਟੈਕਸ ਲੱਗ ਸਕਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਅਜੇ ਤੱਕ ਅੰਤਿਮ ਰੂਪ ਤੱਕ ਨਹੀਂ ਪਹੁੰਚਿਆ ਹੈ। ਟਰੰਪ ਨੇ ਇਹ ਟਿੱਪਣੀਆਂ ਭਾਰਤ ਸਮੇਤ ਵੱਖ-ਵੱਖ ਵਪਾਰਕ ਭਾਈਵਾਲਾਂ ’ਤੇ ਪਰਸਪਰ ਟੈਰਿਫ (reciprocal tariffs) ਲਾਗੂ ਕਰਨ ਦੀ 1 ਅਗਸਤ ਦੀ ਸਮਾਂ-ਸੀਮਾ ਤੋਂ ਪਹਿਲਾਂ ਕੀਤੀਆਂ ਹਨ।

ਅਪਰੈਲ ਵਿੱਚ ਉਨ੍ਹਾਂ ਨੇ ਅਮਰੀਕਾ ਦੇ ਵਪਾਰ ਘਾਟੇ ਨੂੰ ਘਟਾਉਣ ਦੇ ਉਦੇਸ਼ ਨਾਲ ਟੈਕਸ ਵਧਾਉਣ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਗੱਲਬਾਤ ਦੀ ਸਹੂਲਤ ਲਈ ਇਸ ਨੂੰ 10 ਫੀਸਦੀ ਦੀ ਘੱਟ ਦਰ ’ਤੇ ਰੋਕ ਦਿੱਤਾ ਸੀ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਲਈ 20-25 ਫੀਸਦੀ ਟੈਕਸ ਦੀ ਸੰਭਾਵਿਤ ਦਰ ਹੋਵੇਗੀ, ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਮੈਨੂੰ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ।”

ਟਰੰਪ ਨੇ ਏਅਰ ਫੋਰਸ ਵਨ ਵਿੱਚ ਸਕਾਟਲੈਂਡ ਦੇ ਪੰਜ ਦਿਨਾਂ ਦੌਰੇ ਤੋਂ ਵਾਸ਼ਿੰਗਟਨ ਵਾਪਸ ਆਉਂਦੇ ਸਮੇਂ ਕਿਹਾ, ‘‘ਭਾਰਤ ਮੇਰਾ ਦੋਸਤ ਹੈ। ਉਨ੍ਹਾਂ ਨੇ ਮੇਰੀ ਬੇਨਤੀ ‘ਤੇ ਪਾਕਿਸਤਾਨ ਨਾਲ ਜੰਗ ਖਤਮ ਕਰ ਦਿੱਤੀ… ਭਾਰਤ ਇੱਕ ਚੰਗਾ ਦੋਸਤ ਰਿਹਾ ਹੈ, ਪਰ ਭਾਰਤ ਨੇ ਲਗਪਗ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਟੈਕਸ ਲਗਾਏ ਹਨ। ਤੁਸੀਂ ਅਜਿਹਾ ਨਹੀਂ ਕਰ ਸਕਦੇ।’’

ਅਮਰੀਕਾ ਆਪਣੇ ਉਦਯੋਗਿਕ ਸਮਾਨ, ਇਲੈਕਟ੍ਰਿਕ ਵਾਹਨਾਂ, ਡੇਅਰੀ ਉਤਪਾਦਾਂ, ਵਾਈਨ, ਸੇਬਾਂ, ਫਲਦਾਰ ਗਿਰੀਦਾਰ ਅਤੇ ਜੈਨੇਟਿਕ ਤੌਰ ’ਤੇ ਸੋਧੀਆਂ ਫਸਲਾਂ ’ਤੇ ਟੈਕਸ ਘਟਾਉਣ ’ਤੇ ਜ਼ੋਰ ਦੇ ਰਿਹਾ ਹੈ। ਇਸ ਦੇ ਉਲਟ ਭਾਰਤ ਖੇਤੀਬਾੜੀ ਅਤੇ ਡੇਅਰੀ ਉਤਪਾਦਾਂ ’ਤੇ ਉੱਚ ਟੈਕਸ ਬਰਕਰਾਰ ਰੱਖਣ ’ਤੇ ਕਾਇਮ ਹੈ, ਜਦੋਂ ਕਿ ਕੁਝ ਕਿਸਾਨ ਸਮੂਹਾਂ ਨੇ ਸਰਕਾਰ ਨੂੰ ਸਮਝੌਤੇ ਤੋਂ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ।

ਭਾਰਤ-ਅਮਰੀਕਾ ਦੁਵੱਲਾ ਵਪਾਰ ਸਮਝੌਤਾ ਇਸ ਸਾਲ ਫਰਵਰੀ ਵਿੱਚ ਐਲਾਨਿਆ ਗਿਆ ਸੀ, ਜਿਸਦਾ ਉਦੇਸ਼ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 500 ਬਿਲੀਅਨ ਡਾਲਰ ਕਰਨ ਦਾ ਟੀਚਾ ਰੱਖਦੇ ਹੋਏ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣਾ ਸੀ। ਹੁਣ ਤੱਕ ਗੱਲਬਾਤ ਦੇ ਪੰਜ ਦੌਰ ਪੂਰੇ ਹੋ ਚੁੱਕੇ ਹਨ ਅਤੇ ਅਮਰੀਕੀ ਟੀਮ ਛੇਵੇਂ ਦੌਰ ਦੀ ਗੱਲਬਾਤ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰਨ ਵਾਲੀ ਹੈ।

ਭਾਰਤੀ ਉਤਪਾਦਾਂ ’ਤੇ ਟੈਕਸ ਨਵੀਂ ਦਿੱਲੀ ਦੇ ਬਰਾਮਦ ਵਾਧੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਬਰਾਮਦ ਸਥਾਨ ਹੈ, ਜਿਸ ਦੀ ਦੇਸ਼ ਦੀ ਕੁੱਲ ਬਰਾਮਦ ਵਿੱਚ ਲਗਪਗ 20 ਫੀਸਦੀ ਹਿੱਸੇਦਾਰੀ ਹੈ।

ਵਣਜ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਨੇ 2024-25 (ਅਪ੍ਰੈਲ-ਮਾਰਚ) ਵਿੱਚ ਅਮਰੀਕਾ ਨੂੰ $86.51 ਬਿਲੀਅਨ ਦਾ ਸਮਾਨ ਬਰਾਮਦ ਕੀਤਾ ਸੀ ਅਤੇ ਇਸ ਮਿਆਦ ਦੌਰਾਨ $40.82 ਬਿਲੀਅਨ ਦਾ ਵਪਾਰ ਸਰਪਲੱਸ ਸੀ।

Related posts

ਬੰਗਲੂਰੂ ਹਵਾਈ ਅੱਡੇ ’ਤੇ ਮਿਨੀ ਬੱਸ ਖੜ੍ਹੇ ਇੰਡੀਗੋ ਜਹਾਜ਼ ਨਾਲ ਟਕਰਾਈ, ਕਿਸੇ ਸੱਟ ਫੇਟ ਤੋਂ ਬਚਾਅ

Current Updates

ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਵਕੀਲਾਂ ਦਾ ਵਿਰੋਧ ਪ੍ਰਦਰਸ਼ਨ; ਭਾਰੀ ਪੁਲੀਸ ਫੋਰਸ ਤਾਇਨਾਤ

Current Updates

ਭਾਰਤ ਤੇ ਅਮਰੀਕਾ ‘ਕੁਦਰਤੀ ਭਾਈਵਾਲ’, ਟਰੰਪ ਨਾਲ ਗੱਲਬਾਤ ਦੀ ਬੇਸਬਰੀ ਨਾਲ ਉਡੀਕ: ਮੋਦੀ

Current Updates

Leave a Comment