ਪੰਚਕੂਲਾ- ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਅੱਜ ਇੱਥੇ ਕਿਹਾ ਕਿ ਅੰਤਰਰਾਜੀ ਮੁੱਦੇ ਹੱਲ ਕਰਨ ਅਤੇ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਦਿਵਾਉਣ ਲਈ ਉਹ ਆਉਂਦੇ ਦਿਨਾਂ ਵਿੱਚ ਸਬੰਧਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਵਿਚਾਲੇ ਐੱਸਵਾਈਐੱਲ ਨਹਿਰ ਦਾ ਮਾਮਲਾ ਭਖਿਆ ਹੋਇਆ ਹੈ।
ਪਾਟਿਲ ਨੇ ਅੱਜ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਚ ‘ਜਲ ਸ਼ਕਤੀ ਅਭਿਆਨ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਜਲ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਸਨ। ਸਮਾਗਮ ’ਚ ਕੇਂਦਰੀ ਨੇ ਕਿਹਾ ਕਿ ਹਰਿਆਣਾ ਵਿਕਾਸਸ਼ੀਲ ਸੂਬਾ ਹੈ, ਜੋ ਆਪਣੀ ਪਾਣੀ ਦੀ ਸਪਲਾਈ ਲਈ ਦੂਜੇ ਸੂਬਿਆਂ ’ਤੇ ਨਿਰਭਰ ਕਰਦਾ ਹੈ। ਇੱਥੇ ਮੀਂਹ ਵੀ ਘੱਟ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਾਥ ਨਾਲ ਕੇਂਦਰ ਅਤੇ ਹਰਿਆਣਾ ਦੋਵੇਂ ਸਰਕਾਰਾਂ ਸੂਬੇ ਵਿੱਚ ਪਾਣੀ ਦੀ ਘਾਟ ਦੀ ਸਮੱਸਿਆ ਦੇ ਹੱਲ ਲਈ ਮਿਲ ਕੇ ਕੰਮ ਕਰਨਗੀਆਂ।