ਪਟਿਆਲਾ। ਪੂਰੇ ਦੇਸ਼ ਵਿੱਚ ਭਾਰਤੀ ਸੰਗੀਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਵਿੱਚ ਜੁਟੀ ਪਟਿਆਲਾ ਦੀ ਸੰਗੀਤ ਸੰਸਥਾ ਧੁਨ ਅਕੈਡਮੀ ਆਫ਼ ਮਿਊਜ਼ਿਕ ਐਂਡ ਕਲਚਰ ਦੇ ਮਹਾਰਾਸ਼ਟਰ ਚੈਪਟਰ ਵੱਲੋਂ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਖੇ ‘ਧੁਨ ਸੰਵਾਦ’ ਸੰਗੀਤ ਸਮਾਰੋਹ ਕਰਵਾਇਆ ਗਿਆ। ਠਾਣੇ ਦੇ ਕੁਵੇਗਾ ਇਨਕਲੇਵ ਵਿਖੇ ਕਰਵਾਏ ਇਸ ਸਮਾਰੋਹ ਦੌਰਾਨ ਧੁਨ ਅਕੈਡਮੀ ਦੇ ਸੰਸਥਾਪਕ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬੰਸਰੀ ਵਾਦਕ ਉਸਤਾਦ ਡਾ. ਮੁਜਤਬਾ ਹੁਸੈਨ, ਤਬਲਾ ਵਾਦਕ ਪੰਡਤ ਕਾਲੀਨਾਥ ਮਿਸ਼ਰਾ, ਉੱਭਰਦੀ ਗਾਇਕਾ ਚਾਹਤ ਹੁਸੈਨ ਅਤੇ ਹੋਰ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼ਿਵ ਸੈਨਾ (ਸ਼ਿੰਦੇ) ਦੇ ਨੇਤਾ ਸੰਸਦ ਮੈਂਬਰ ਨਰੇਸ਼ ਗਣਪਤ ਮਹਸਕੇ ਮੁੱਖ ਮਹਿਮਾਨ ਅਤੇ ਪ੍ਰਸਿੱਧ ਉਰਦੂ ਸ਼ਾਇਰ ਸ਼ਕੀਲ ਆਜ਼ਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਅਕੈਡਮੀ ਵੱਲੋਂ ਗਾਇਕ ਪਦਮਸ੍ਰੀ ਅਨੂਪ ਜਲੋਟਾ ਨੂੰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਰੋਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਮੁਜਤਬਾ ਹੁਸੈਨ ਨੇ ਦੱਸਿਆ ਕਿ ਧੁਨ ਅਕੈਡਮੀ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਭਾਰਤੀ ਕਲਾ, ਸੰਗੀਤ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨਾਸ ਜੋੜਣਾ ਅਤੇ ਅਜੋਕੇ ਸਮੇਂ ਦੀਆਂ ਅਲਾਮਤਾਂ ਨਸ਼ਾਖੋਰੀ, ਅਪਰਾਧਿਕ ਗਤੀਵਿਧੀਆਂ ਅਤੇ ਨੈਤਿਕ ਪਤਨ ਤੋਂ ਬਚਾਉਣਾ ਹੈ। ਇਸ ਮਕਸਦ ਦੀ ਪੂਰਤੀ ਲਈ ਅਕੈਡਮੀ ਵੱਲੋਂ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਸੰਗੀਤ, ਕਲਾ ਅਤੇ ਸਭਿਆਚਾਰਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਸ ਸਿਲਸਿਲੇ ਤਹਿਤ ਠਾਣੇ ਵਿਖੇ ਸੰਗੀਤ ਸਮਾਰੋਹ ਕਰਵਾਇਆ ਗਿਆ।
ਚਾਰ ਘੰਟੇ ਚੱਲੇ ਸਮਾਰੋਹ ਦੌਰਾਨ ਉਸਤਾਦ ਹੁਸੈਨ ਅਤੇ ਪੰਡਤ ਮਿਸ਼ਰਾ ਦੀ ਜੋੜੀ ਨੇ ਸਰੋਤਿਆਂ ਨੂੰ ਆਪਣੀ ਕਲਾ ਨਾਲ ਮੋਹ ਲਿਆ। ਚਾਹਤ ਹੁਸੈਨ ਨੇ ਸ਼ਾਸ਼ਤਰੀ, ਉਪ-ਸ਼ਾਸ਼ਤਰੀ ਅਤੇ ਸੁਗਮ ਸੰਗੀਤ ਦੀ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ। ਸ਼ਾਇਰ ਸ਼ਕੀਲ ਆਜ਼ਮੀ ਨੇ ਆਪਣਾ ਕਲਾਮ ਪੇਸ਼ ਕਰ ਕੇ ਸਰੋਤਿਆਂ ਦੀ ਪ੍ਰਸ਼ੰਸਾ ਹਾਸਲ ਕੀਤੀ। ਇਸ ਤੋਂ ਇਲਾਵਾ ਡਾ. ਸੰਜੈ ਜਾਧਵ, ਮੁਹੰਮਦ ਵਕੀਲ ਅਤੇ ਹੋਰ ਕਲਾਕਾਰਾਂ ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।
ਐਮਪੀ ਨਰੇਸ਼ ਗਣਪਤ ਮਹਸਕੇ ਨੇ ਧੁਨ ਅਕੈਡਮੀ ਵੱਲੋਂ ਭਾਰਤੀ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਨਾਲ ਹੀ ਭਵਿੱਖ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਤੇ ਫਿਲਮ ਅਦਾਕਾਰਾ ਸਪਨਾ ਚੌਬੀਸਾ, ਸ਼ਕੀਲ ਨੂਰਾਨੀ, ਰੋਟਰੀ ਕਲੱਬ ਦੇ ਮਨੋਨੀਤ ਗਵਰਨਰ ਚੰਦਕਹਾਸ ਸ਼ੈਟੀ, ਅਕੈਡਮੀ ਦੇ ਅਹੁਦੇਦਾਰ ਸਪਨਾ ਹੁਸੈਨ, ਮਹੇਂਦਰ ਬਾਬੂ ਸ਼ਾਸ਼ਤਰੀ, ਸੰਧਿਆ ਐਸ. ਸ਼ਾਸਤਰੀ, ਡਾ. ਚਰਨ ਜਾਧਵ, ਤੁਸ਼ਾਰ ਲਾਂਗੋਲੀਆ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।