ਮੋਹਾਲੀ- ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਯੂਜੀਆਈ), ਲਾਲੜੂ ਵਿਖੇ ਬੁੱਧਵਾਰ ਰਾਤ ਕ੍ਰਿਕਟ ਮੈਚ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚ ਝਗੜਾ ਹੋ ਗਿਆ। ਇਕ ਸਮੂਹ ਵਿਚ ਕਸ਼ਮੀਰੀ ਨੌਜਵਾਨ ਵੀ ਸ਼ਾਮਲ ਸਨ। ਝੜਪ ਵਿਚ ਦੋ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਡੇਰਾ ਬੱਸੀ ਸਬ-ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ ਹੈ।
ਪੀੜਤਾਂ ਨੇ ਦੋਸ਼ ਲਗਾਇਆ ਕਿ ਘਟਨਾ ਵਿਚ ਦੂਜੇ ਸਮੂਹ ਨੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਸਨ। ਸਥਾਨਕ ਲੋਕਾਂ ਨੇ ਕਿਹਾ ਕਿ ਇੱਥੇ ਪੜ੍ਹ ਰਹੇ ਜ਼ਿਆਦਾਤਰ ਵਿਦਿਆਰਥੀ ਦੂਜੇ ਰਾਜਾਂ ਦੇ ਹਨ। ਡੇਰਾ ਬੱਸੀ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ, ਲਾਲੜੂ ਦੇ ਐਸਐਚਓ ਨੇ ਵੀ ਕੱਲ੍ਹ ਰਾਤ ਮੌਕੇ ਦਾ ਦੌਰਾ ਕੀਤਾ। ਬਰਾੜ ਨੇ ਕਿਹਾ, “ਮਾਮਲਾ ਸ਼ਾਂਤੀਪੂਰਵਕ ਹੱਲ ਹੋ ਗਿਆ ਅਤੇ ਕੋਈ ਪੁਲੀਸ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।” ਸੰਸਥਾ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਸ਼ਾਂਤੀਪੂਰਵਕ ਹੱਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਸੁਰੱਖਿਅਤ ਹਨ।
ਹੋਸਟਲ ਵਾਰਡਨ ਆਦਿਲ ਨੇ ਕਿਹਾ, “ਹੋਸਟਲ ਦੇ ਖੇਡ ਮੈਦਾਨ ਵਿਚ ਝਗੜਾ ਪੈਸੇ ਨਾ ਮਿਲਣ ਕਰਕੇ ਹੋਇਆ ਸੀ”। ਮੋਹਾਲੀ ਪੁਲੀਸ ਅਤੇ ਸੰਸਥਾ ਦੇ ਅਧਿਕਾਰੀਆਂ ਨੇ ਇਸ ਮੁੱਦੇ ’ਤੇ ਗਲਤਫਹਿਮੀ ਨੂੰ ਦੂਰ ਕਰਨ ਲਈ ਇਕ ਵੀਡੀਓ ਬਿਆਨ ਵੀ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਕ ਸੁਰੱਖਿਆ ਸਮੀਖਿਆ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਵਿਦਿਅਕ ਸੰਸਥਾਵਾਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਲਈ ਕਿਹਾ ਸੀ ਜਿੱਥੇ ਕਸ਼ਮੀਰੀ ਨੌਜਵਾਨ ਪੜ੍ਹ ਰਹੇ ਹਨ।