ਕੋਲਕਾਤਾ-ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਵਕਫ਼ ਸੋਧ ਐਕਟ ਖਿਲਾਫ਼ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਸਬੰਧ ਵਿਚ ਅੱਜ 12 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਿੰਸਕ ਝੜਪਾਂ ਵਿਚ ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਉਨ੍ਹਾਂ ਕਿਹਾ ਕਿ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹੇ ਵਿੱਚ ਕਿਤੇ ਵੀ ਹਿੰਸਾ ਦੀ ਕੋਈ ਨਵੀਂ ਘਟਨਾ ਦੀ ਰਿਪੋਰਟ ਨਹੀਂ ਹੈ ਤੇ ਸੁਰੱਖਿਆ ਬਲਾਂ ਵੱਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਇਕ ਪੁਲੀਸ ਅਧਿਕਾਰੀ ਨੇ ਕਿਹਾ, ‘‘ਜ਼ਿਲ੍ਹੇ ਦੇ ਸੂਤੀ, ਧੂਲੀਆਂ, ਸਮਸੇਰਗੰਜ ਅਤੇ ਜੰਗੀਪੁਰ ਇਲਾਕਿਆਂ ਵਿੱਚ ਸਥਿਤੀ ਸ਼ਾਂਤੀਪੂਰਨ ਹੈ। ਰਾਤ ਭਰ ਛਾਪੇਮਾਰੀ ਜਾਰੀ ਰਹੀ, ਅਤੇ 12 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ, ਹੁਣ ਤੱਕ 150 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਤਹਿਤ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ, ਅਤੇ ਇੰਟਰਨੈੱਟ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਬਲ ਮੁੱਖ ਸੜਕਾਂ ’ਤੇ ਵਾਹਨਾਂ ਦੀ ਜਾਂਚ ਕਰ ਰਹੇ ਹਨ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਗਸ਼ਤ ਜਾਰੀ ਹੈ। ਅਧਿਕਾਰੀ ਨੇ ਕਿਹਾ, ‘‘ਹਿੰਸਕ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।’’
ਚੇਤੇ ਰਹੇ ਕਿ ਨਵੇਂ ਕਾਨੂੰਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਰਾਜ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਮੁਰਸ਼ਿਦਾਬਾਦ ਵਿੱਚ ਹਿੰਸਾ ਕਾਰਨ ਪੁਲੀਸ ਵੈਨਾਂ ਸਮੇਤ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਸੁਰੱਖਿਆ ਬਲਾਂ ’ਤੇ ਪਥਰਾਅ ਕੀਤਾ ਗਿਆ ਅਤੇ ਸੜਕਾਂ ਜਾਮ ਕੀਤੀਆਂ ਗਈਆਂ। ਹਿੰਸਾ ਦਰਮਿਆਨ ਸ਼ਨਿੱਚਰਵਾਰ ਨੂੰ ਸਮਸੇਰਗੰਜ ਦੇ ਜਾਫਰਾਬਾਦ ਵਿੱਚ ਇੱਕ ਘਰ ਵਿਚੋਂ ਵਿਅਕਤੀ ਅਤੇ ਉਸ ਦੇ ਪੁੱਤਰ ਦੀਆਂ ਲਾਸ਼ਾਂ ਮਿਲੀਆਂ, ਜੋ ਚਾਕੂ ਦੇ ਵਾਰ ਨਾਲ ਵਿੰਨ੍ਹੀਆਂ ਹੋਈਆਂ ਸਨ। ਪੁਲੀਸ ਮੁਤਾਬਕ ਉਨ੍ਹਾਂ ਦੀ ਪਛਾਣ ਹਰੋਗੋਬਿੰਦੋ ਦਾਸ ਅਤੇ ਚੰਦਨ ਦਾਸ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸੂਤੀ ਦੇ ਸਜੂਰ ਮੋਰੇ ਵਿਖੇ ਝੜਪਾਂ ਦੌਰਾਨ ਗੋਲੀਆਂ ਲੱਗਣ ਤੋਂ ਬਾਅਦ 21 ਸਾਲਾ ਵਿਅਕਤੀ, ਜਿਸ ਦੀ ਪਛਾਣ ਇਜਾਜ਼ ਮੋਮਿਨ ਵਜੋਂ ਹੋਈ ਹੈ, ਦੀ ਸ਼ਨਿੱਚਰਵਾਰ ਨੂੰ ਮੌਤ ਹੋ ਗਈ। ਸ਼ੁੱਕਰਵਾਰ ਨੂੰ ਹਿੰਸਾ ਵਿੱਚ ਘੱਟੋ-ਘੱਟ 18 ਪੁਲੀਸ ਕਰਮਚਾਰੀ ਜ਼ਖ਼ਮੀ ਹੋਏ ਸਨ। ਸ਼ਨਿੱਚਰਵਾਰ ਰਾਤ ਸਮਸੇਰਗੰਜ ਪਹੁੰਚੇ ਡੀਜੀਪੀ ਰਾਜੀਵ ਕੁਮਾਰ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ।