ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਕਤਲ ਕਾਂਡ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ, ਜਿਸ ਤਹਿਤ ਇਸ ਕਤਲ ਕੇਸ ਵਿੱਚ ਨਾਮਜ਼ਦ ਇੱਕ ਮੁਲਜ਼ਮ ਜੀਵਨਜੋਤ ਸਿੰਘ ਚਾਹਲ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਦੱਸਿਆ ਜਾਂਦਾ ਹੈ। ਉਹ ਵਿਦੇਸ਼ ਫਰਾਰ ਹੋਣ ਚੱਕਰਾਂ ’ਚ ਦਿੱਲੀ ਦੇ ਹਵਾਈ ਅੱਡੇ ’ਤੇ ਪੁੱਜਿਆ ਸੀ।
ਮਾਨਸਾ ਪੁਲੀਸ ਵੱਲੋਂ ਪਹਿਲਾਂ ਤੋਂ ਹੀ ਉਸ ਸਬੰਧੀ ਲੁੱਕ ਆਊਟ ਨੋਟਿਸ ਜਾਰੀ ਕੀਤੇ ਜਾਣ ਕਾਰਨ ਉਹ ਹਵਾਈ ਅੱਡੇ ਤੋਂ ਪੁਲੀਸ ਦੇ ਅੜਿੱਕੇ ਚੜ੍ਹ ਗਿਆ ਹੈ। ਹੁਣ ਮਾਨਸਾ ਪੁਲੀਸ ਦੇ ਇੱਕ ਡੀਐਸਪੀ ਦੀ ਅਗਵਾਈ ਹੇਠ ਦੋ ਇੰਸਪੈਕਟਰ ਰੈਂਕ ਦੇ ਅਧਿਕਾਰੀ ਉਸ ਨੂੰ ਦਿੱਲੀ ਤੋਂ ਮਾਨਸਾ ਲਿਆਉਣ ਲਈ ਕੌਮੀ ਰਾਜਧਾਨੀ ਵਾਸਤੇ ਰਵਾਨਾ ਹੋ ਗਏ ਹਨ।
ਇੱਕ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੀਵਾਨਜੋਤ ਨਾਂ ਐਫਆਈਆਰ ਵਿੱਚ ਦਰਜ ਹੋਣ ਪਿੱਛੋਂ ਮਾਨਸਾ ਪੁਲੀਸ ਨੇ ਪਹਿਲਾਂ ਹੀ ਜੀਵਨਜੋਤ ਸਿੰਘ ਦੇ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ।
ਦਿੱਲੀ ਹਵਾਈ ਅੱਡਾ ਅਥਾਰਟੀ ਨੇ ਉਸ ਨੂੰ ਫੜਨ ਤੋਂ ਬਾਅਦ ਮਾਨਸਾ ਪੁਲੀਸ ਨੂੰ ਸੂਚਿਤ ਕੀਤਾ ਸੀ, ਜਿਸ ਤਹਿਤ ਮਾਨਸਾ ਪੁਲੀਸ ਉਸ ਨੂੰ ਲੈਣ ਲਈ ਦਿੱਲੀ ਰਵਾਨਾ ਹੋਈ ਹੈ। ਦਿੱਲੀ ਤੋਂ ਲਿਆ ਕੇ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਤੋਂ ਬਾਅਦ ਉਸ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਰਾਹੀਂ ਕਈ ਅਹਿਮ ਖੁਲਾਸੇ ਹੋਣ ਦੇ ਆਸਾਰ ਹਨ।
ਉਧਰ ਮਾਨਸਾ ਪੁਲੀਸ ਦੇ ਉਚ ਅਧਿਕਾਰੀ ਇਸ ਮਾਮਲੇ ਲਈ ਕੁੱਝ ਵੀ ਦੱਸਣ ਤੋਂ ਇਨਕਾਰੀ ਹਨ, ਹਾਲਾਂਕਿ ਮੀਡੀਆ ਦੇ ਵੱਡੇ ਹਿੱਸੇ ਵਿੱਚ ਇਹ ਖ਼ਬਰ ਸਵੇਰ ਤੋਂ ਹੀ ਨਸ਼ਰ ਹੋ ਰਹੀ ਹੈ।