ਪਟਿਆਲਾ- ਪਟਿਆਲਾ ਸ਼ਹਿਰ ਤੋਂ ‘ਆਪ’ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਛੁੱਟੀ ਵਾਲੇ ਦਿਨ ਵੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏਡੀਸੀ ਇਸ਼ਾ ਸਿੰਗਲ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਤੇ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਪਟਿਆਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਜਿਸ ਲਈ ਲਗਾਤਾਰ ਉਪਰਾਲੇ ਜਾਰੀ ਹਨ। ਇਸ ਦੌਰਾਨ ਇਸ ਟੀਮ ਨੇ ਪਹਿਲਾਂ ਲੱਕੜ ਮੰਡੀ ਤੋਂ ਸਨੌਰੀ ਅੱਡੇ ਨੂੰ ਜਾਣ ਵਾਲੀ ਸੜਕ ਦਾ ਦੌਰਾ ਕੀਤਾ। ਇਸ ਦੌਰਾਨ ਅਧਿਕਾਰੀਆਂ ਨੂੰ ਸੰਬੋਧਿਤ ਹੁੰਦਿਆਂ ਵਿਧਾਇਕ ਦਾ ਕਹਿਣਾ ਸੀ ਕਿ ਇਸ ਸੜਕ ’ਤੇ ਨਾਜਾਇਜ਼ ਕਬਜ਼ਿਆਂ ਕਰਕੇ ਇਸ ਦੀ ਚੌੜਾਈ 100 ਫੁੱਟ ਤੋਂ ਘਟ ਕੇ 40 ਫੁੱਟ ਰਹਿ ਗਈ ਹੈ ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਇਸ ਸੜਕ ਨੂੰ ਚੌੜਾ ਕਰਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ।
ਇਸ ਉਪਰੰਤ ਇਹ ਟੀਮ ਇਥੇ ਸਥਿਤ ਪੁਰਾਤਨ ਸ੍ਰੀ ਵਾਮਨ ਅਵਤਾਰ ਮੰਦਿਰ ਵਿਖੇ ਪੁੱਜੀ। ਵਿਧਾਇਕ ਕੋਹਲੀ ਨੇ ਕਿਹਾ ਕਿ ਇਸ ਪੁਰਾਤਨ ਮੰਦਿਰ ਦੀ ਕਾਇਆਂ ਕਲਪ ਕੀਤੀ ਜਾਵੇਗੀ ਜਿਸ ਸਬੰਧੀ 4.5 ਕਰੋੜ ਰੁਪਏ ਦੀ ਤਜਵੀਜ਼ ਵਿੱਤ ਕਮਿਸ਼ਨਰ ਮਾਲ ਨੂੰ ਭੇਜੀ ਗਈ ਹੈ। ਸ਼ਿਵਾਲਾ ਗੁਜਰਾਤੀਆਂ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਕਮਿਊਨਿਟੀ ਹਾਲ ਸਮੇਤ ਜਗਨਨਾਥ ਮੰਦਿਰ ਨੂੰ ਜਾਂਦਾ ਰਸਤਾ ਵੀ ਬਣਵਾਇਆ ਜਾਵੇਗਾ।
ਵਿਧਾਇਕ ਅਜੀਤਪਾਲ ਕੋਹਲੀ ਨੇ ਅਧਿਕਾਰੀਆਂ ਨਾਲ ਬਡੂੰਗਰ ਵਿਖੇ ਵੀ ਇੱਕ ਗਲੀ ਦਾ ਜਾਇਜ਼ਾ ਲਿਆ। ਉਨ੍ਹਾਂ ਜੈ ਜਵਾਨ ਕਲੋਨੀ ਦੀ ਫੇਰੀ ਵੀ ਪਾਈ। ਇਸ ਮੌਕੇ ਵਿਧਾਇਕ ਦੇ ਪੀਏ ਹਰਸ਼ ਵਾਲੀਆ, ਕੌਂਸਲਰ ਗੀਤਾ ਦੇਵੀ, ਅਮਨਪ੍ਰੀਤ ਕੌਰ, ਜਗਮੋਹਨ ਚੌਹਾਨ ਅਤੇ ਹਨੀ ਲੂਥਰਾ ਸਮੇਤ ਦਵਿੰਦਰਪਾਲ ਮਿੱਕੀ, ਅੰਮ੍ਰਿਤਪਾਲ ਪਾਲੀ ਅਤੇ ਗੋਵਿੰਦ ਵੈਦ ਵੀ ਮੌਜੂਦ ਸਨ।