ਪਟਿਆਲਾ- ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਹੁਕਮਨਾਮੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨ ਲਈ ਨਹੀਂ, ਸਗੋਂ ਪਾਰਟੀ ਨੂੰ ਬਚਾਉਣ ਲਈ ਜਾਰੀ ਕੀਤੇ ਗਏ ਸਨ। ਕੁਝ ਆਗੂਆਂ ਵਲੋਂ ਇਨ੍ਹਾਂ ਹੁਕਮਨਾਮਿਆਂ ਦੀ ਵਿਰੋਧਤਾ ਕਰਨ ਸਮੇਤ ਬਦਲਾ ਲਉ ਭਾਵਨਾ ਤਹਿਤ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਵਾ ਕੇ ਨਾ ਸਿਰਫ ਅਕਾਲੀ ਦਲ, ਬਲਕਿ ਪੰਥਕ ਮਰਿਆਦਾ ਅਤੇ ਪੰਥਕ ਸੰਸਥਾਵਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਅੱਜ ਸਾਬਕਾ ਮੰਤਰੀ ਜਸਦੇਵ ਸਿੰਘ ਸੰਧੂ ਦੀ ਯਾਦ ’ਚ ਉਨ੍ਹਾਂ ਦੇ ਪੁੱਤਰ ਤੇ ਐੱਸਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਅਨੁਪਿੰਦਰ ਕੌਰ ਸੰਧੂ ਵੱਲੋਂ ‘ਵਿਚਾਰ ਸੰਮੇਲਨ’ ਦੇ ਬੈਨਰ ਹੇਠਾਂ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ, ਖਾਸ ਕਰਕੇ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਉਹ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਏ ਅਜਿਹੇ ਅਨਸਰਾਂ ਦੇ ਖ਼ਿਲਾਫ਼ ਲਾਮਬੰਦ ਹੋ ਕੇ ਕਾਫਲਿਆਂ ਦੇ ਰੂਪ ’ਚ ਤੁਰਨ। ਉਨ੍ਹਾਂ ਦਾ ਤਰਕ ਸੀ ਕਿ ਜੇਕਰ ਅਜਿਹੇ ਲੋਕਾਂ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਭਵਿੱਖ ’ਚ ਸਿੱਖ ਪੰਥ ਅਤੇ ਅਕਾਲੀ ਦਲ ਨੂੰ ਹੋਰ ਵੀ ਵਧੇਰੇ ਨੁਕਸਾਨ ਝੱਲਣਾ ਪਵੇਗਾ। ਇਸ ਮੌਕੇ ਸਾਬਕਾ ਮੰਤਰੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਸਤਵਿੰਦਰ ਸਿੰਘ ਟੌਹੜਾ ਸਮੇਤ ਕਈ ਹੋਰਨਾਂ ਨੇ ਵਿਰੋਧੀ ਤਾਕਤਾਂ ਨੂੰ ਨਕਾਰਨ ਲਈ ਸਿੱਖ ਕੌਮ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ।
ਮੁੱਖ ਪ੍ਰਬੰਧਕ ਤੇਜਿੰਦਰਪਾਲ ਸੰਧੂ ਵੱਲੋਂ ਪੇਸ਼ ਕੀਤੇ ਗਏ ਦੋ ਮਤੇ ਵੀ ਪਾਸ ਕੀਤੇ ਗਏ ਜਿਸ ਦੌਰਾਨ ਉਨ੍ਹਾਂ ਨੇ ਸਿੰਘ ਸਾਹਿਬਾਨ ਨੂੰ ਹਟਾਉਣ ਵਾਲੀ ਮੀਟਿੰਗ ’ਚ ਸ਼ਾਮਲ ਰਹੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰਾਂ ਦੀ ਸੰਗਤ ਨੂੰ ਜਵਾਬਦੇਹੀ ਕਰਨ ਅਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਅਜਿਹਾ ਬੋਰਡ ਸਥਾਪਿਤ ਕਰਨ ’ਤੇ ਜ਼ੋਰ ਦਿੱਤਾ, ਜਿਸ ਵੱਲੋਂ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਨਿਯਮ ਬਣਾਏ ਜਾ ਸਕਣ। ਇਸ ਮੌਕੇ ਪਰਮਜੀਤ ਕੌਰ ਗੁਲਸ਼ਨ, ਜਰਨੈਲ ਸਿੰਘ ਕਰਤਾਰਪੁਰ, ਹਰਿੰਦਰਪਾਲ ਟੌਹੜਾ, ਭੁਪਿੰਦਰ ਸ਼ੇਖੂਪੁਰਾ, ਰਣਧੀਰ ਰੱਖੜਾ, ਬਲਜਿੰਦਰ ਸਿੰਘ ਪਰਵਾਨਾ, ਬੂਟਾ ਸਿੰਘ ਸ਼ਾਦੀਪੁਰ ਤੇ ਮਨਜੀਤ ਘੁਮਾਣਾ ਆਦਿ ਆਗੂ ਵੀ ਹਾਜ਼ਰ ਸਨ।