ਜੈਪੁਰ- ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਮੰਨਣਾ ਹੈ ਕਿ ਹਿੰਦੀ ਸਿਨੇਮਾ ’ਚ ਮੁਰਦਾਂ ਦੇ ਬਰਾਬਰ ਮਿਹਨਤਾਨਾ ਮਿਲਣਾ ਹਾਲੇ ਦੂਰ ਦੀ ਗੱਲ ਹੈ ਕਿਉਂਕਿ ਔਰਤਾਂ ਨੂੰ ਹਰ ਵਾਰ ਖ਼ੁਦ ਨੂੰ ਸਾਬਿਤ ਕਰਨਾ ਪੈਂਦਾ ਹੈ ਅਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਆਕਰਸ਼ਿਤ ਕਰਨ ਲਈ ਆਪਣੀ ਸਮਰੱਥਾ ਦਿਖਾਉਣੀ ਪੈਂਦੀ ਹੈ।
ਮਾਧੁਰੀ ਨੇ ਇਹ ਗੱਲ ਆਈਫਾ-2025 (ਆਈਆਈਐੱਫਏ) ਹਫ਼ਤੇ ਦੀ ਸ਼ੁਰੂਆਤ ਮੌਕੇ ‘ਸਿਨੇਮਾ ’ਚ ਔਰਤਾਂ ਦਾ ਸਫ਼ਰ’ ਸੈਸ਼ਨ ’ਚ ਸ਼ੂਮਲੀਅਤ ਦੌਰਾਨ ਆਖੀ। ਉਨ੍ਹਾਂ ਨਾਲ ਆਸਕਰ ਜੇਤੂ ਨਿਰਮਾਤਾ ਗੁਨੀਤ ਮੋਂਗਾ ਵੀ ਪ੍ਰੋਗਰਾਮ ’ਚ ਸ਼ਾਮਲ ਹੋਈ। ਮਾਧੁਰੀ ਦੀਕਸ਼ਿਤ ਨੇ ਕਿਹਾ, ‘ਔਰਤਾਂ ਨੂੰ ਹਰ ਵਾਰ ਖ਼ੁਦ ਨੂੰ ਸਾਬਤ ਕਰਨਾ ਪੈਂਦਾ ਹੈ ਅਤੇ ਇਹ ਦੱਸਣਾ ਪੈਂਦਾ ਹੈ ਕਿ ਅਸੀਂ ਬਰਾਬਰ ਹਾਂ। ਅਸੀਂ ਦਰਸ਼ਕਾਂ ਨੂੰ ਆਕਰਸ਼ਿਤ ਕਰ ਸਕਦੀਆਂ ਹਾਂ ਪਰ ਤੁਹਾਨੂੰ ਹਰ ਵਾਰ ਇਹ ਸਾਬਤ ਕਰਨਾ ਪੈਂਦਾ ਹੈ। ਹਾਲੇ ਵੀ ਗ਼ੈਰ-ਬਰਾਬਰੀ ਹੈ।’’ ਉਨ੍ਹਾਂ ਆਖਿਆ, ‘ਗ਼ੈਰ-ਬਰਾਬਰੀ ਖਤਮ ਹੋਣ ਤੋਂ ਅਸੀਂ ਹਾਲੇ ਵੀ ਬਹੁਤ ਦੂਰ ਹਾਂ। ਇਸ ਲਈ ਸਾਨੂੰ ਲਗਾਤਾਰ ਕੰਮ ਕਰਨਾ ਪਵੇਗਾ।’ ਇਸ ਦੌਰਾਨ ਗੁਨੀਤ ਮੋਂਗਾ ਨੇ ਕਿਹਾ ਕਿ ਮਹਿਲਾ ਕਲਾਕਾਰਾਂ ਨੂੰ ਹੋਰ ਮੌਕੇ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਮਿਹਨਤਾਨੇ ’ਚ ਸਪੱਸ਼ਟ ਤੌਰ ’ਤੇ ਪਾੜਾ ਹੈ।’