December 27, 2025
ਖਾਸ ਖ਼ਬਰਰਾਸ਼ਟਰੀ

ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ ਅੱਜ ਤੋਂ

ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ ਅੱਜ ਤੋਂ

ਨਵੀਂ ਦਿੱਲੀ- ਸੰਸਦ ਦੇ ਬਜਟ ਇਜਲਾਸ ਦਾ ਦੂਜਾ ਗੇੜ ਭਲਕੇ ਸੋਮਵਾਰ ਤੋਂ ਸ਼ੁਰੂ ਹੋਵੇਗਾ ਜਿਸ ’ਚ ਸਰਕਾਰ ਅਤੇ ਵਿਰੋਧੀ ਧਿਰਾਂ ਦੇ ਆਹਮੋ-ਸਾਹਮਣੇ ਆਉਣ ਦੀ ਸੰਭਾਵਨਾ ਹੈ। ਵਿਰੋਧੀ ਧਿਰਾਂ ਵੱਲੋਂ ਚੋਣ ਸੂਚੀਆਂ ’ਚ ਕਥਿਤ ਗੜਬੜੀ, ਮਨੀਪੁਰ ’ਚ ਤਾਜ਼ਾ ਹਿੰਸਾ ਅਤੇ ਟਰੰਪ ਪ੍ਰਸ਼ਾਸਨ ਨਾਲ ਸਿੱਝਣ ’ਚ ਨਾਕਾਮ ਰਹਿਣ ਜਿਹੇ ਮੁੱਦੇ ਉਭਾਰੇ ਜਾਣ ਦੀ ਯੋਜਨਾ ਹੈ। ਉਧਰ ਸਰਕਾਰ ਨੇ ਬਜਟ ਅਮਲ ਸਿਰੇ ਚਾੜ੍ਹਨ, ਮਨੀਪੁਰ ਦੇ ਬਜਟ ਦੀ ਪ੍ਰਵਾਨਗੀ ਅਤੇ ਵਕਫ਼ ਸੋਧ ਬਿੱਲ ਪਾਸ ਕਰਨ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਬਜਟ ਇਜਲਾਸ ਦਾ ਪਹਿਲਾ ਗੇੜ 31 ਜਨਵਰੀ ਤੋਂ 13 ਫਰਵਰੀ ਤੱਕ ਹੋਇਆ ਸੀ ਅਤੇ ਹੁਣ ਦੂਜਾ ਗੇੜ ਭਲਕੇ ਸ਼ੁਰੂ ਹੋ ਕੇ 4 ਅਪਰੈਲ ਤੱਕ ਜਾਰੀ ਰਹੇਗਾ।

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਨੀਪੁਰ ’ਚ ਰਾਸ਼ਟਰਪਤੀ ਰਾਜ ਸਬੰਧੀ ਸੰਸਦ ਤੋਂ ਪ੍ਰਵਾਨਗੀ ਦਾ ਮਤਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੋਮਵਾਰ ਨੂੰ ਮਨੀਪੁਰ ਲਈ ਬਜਟ ਪੇਸ਼ ਕੀਤਾ ਜਾਵੇਗਾ। ਵਿਰੋਧੀ ਧਿਰ ਨੇ ਕਿਹਾ ਹੈ ਕਿ ਉਹ ਸਰਕਾਰ ਨੂੰ ਡੁਪਲੀਕੇਟ ਚੋਣ ਫੋਟੋ ਸ਼ਨਾਖ਼ਤੀ ਕਾਰਡ ਨੰਬਰ ਦੇ ਮੁੱਦੇ ’ਤੇ ਘੇਰੇਗੀ। ਤ੍ਰਿਣਮੂਲ ਕਾਂਗਰਸ ਦੇ ਆਗੂ ਇਸ ਮੁੱਦੇ ’ਤੇ ਸੋਮਵਾਰ ਨੂੰ ਚੋਣ ਕਮਿਸ਼ਨ ਨਾਲ ਵੀ ਮੁਲਾਕਾਤ ਕਰਨਗੇ। ਟੀਐੱਮਸੀ ਵੱਲੋਂ ਕਾਂਗਰਸ, ਡੀਐੱਮਕੇ, ਸ਼ਿਵ ਸੈਨਾ (ਯੂਬੀਟੀ) ਸਮੇਤ ਹੋਰ ਵਿਰੋਧੀ ਧਿਰਾਂ ਨਾਲ ਮਿਲ ਕੇ ਇਹ ਮੁੱਦਾ ਸੰਸਦ ਦੇ ਦੋਵੇਂ ਸਦਨਾਂ ’ਚ ਚੁੱਕਿਆ ਜਾਵੇਗਾ।

ਸਰਕਾਰ ਵਕਫ਼ ਸੋਧ ਬਿੱਲ ਫੌਰੀ ਪਾਸ ਕਰਾਉਣਾ ਚਾਹੁੰਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਪਿਛਲੇ ਹਫ਼ਤੇ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਮੁਸਲਿਮ ਭਾਈਚਾਰੇ ਦੇ ਕਈ ਮੁੱਦੇ ਹੱਲ ਹੋ ਜਾਣਗੇ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ‘ਇੰਡੀਆ’ ਬਲਾਕ ਦੇ ਆਗੂ ਵਕਫ਼ ਬਿੱਲ ਦੇ ਰਲ ਕੇ ਵਿਰੋਧ ਕਰਨ ਲਈ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਚੋਣ ਅਮਲ ’ਚ ਬੇਨਿਯਮੀਆਂ ਦਾ ਮੁੱਦਾ ਵੀ ਚੁੱਕਦੀ ਰਹੇਗੀ ਅਤੇ ਦੋਸ਼ ਲਾਇਆ ਕਿ ਚੋਣਾਂ ਹੁਣ ਆਜ਼ਾਦ ਅਤੇ ਨਿਰਪੱਖ ਨਹੀਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸੰਸਦ ਦੇ ਇਜਲਾਸ ਦੌਰਾਨ ਟਰੰਪ ਵੱਲੋਂ ਜਵਾਬੀ ਟੈਕਸ ਲਗਾਉਣ ਦੀ ਧਮਕੀ ਦਾ ਮੁੱਦਾ ਵੀ ਚੁੱਕੇਗੀ। ਉਨ੍ਹਾਂ ਧਮਕੀਆਂ ਨਾਲ ਰਲ ਕੇ ਸਿੱਝਣ ਦਾ ਸੱਦਾ ਵੀ ਦਿੱਤਾ।

Related posts

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ 300 ਤੋਂ ਵੱਧ ਅਧਿਆਪਕਾਂ/ਪ੍ਰਿੰਸੀਪਲਾਂ ਨੂੰ ਸਿਖਲਾਈ ਵਾਸਤੇ ਵਿਦੇਸ਼ ਭੇਜਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

Current Updates

 ਖੇਡ ਐਸੋਸੀਏਸ਼ਨਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਾਨੂੰਨੀ ਢਾਂਚਾ ਤਿਆਰ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਏਗਾ ਇਹ ਐਕਟ

Current Updates

ਅਧਿਕਾਰੀਆਂ ਵੱਲੋਂ ਨਸ਼ਾ ਛੁਡਾਊ ਕੇਂਦਰ ਦੀ ਚੈਕਿੰਗ

Current Updates

Leave a Comment