ਦੁਬਈ- ਭਾਰਤੀ ਟੀਮ ਨੂੰ 12 ਸਾਲ ਬਾਅਦ ਚੈਂਪੀਅਨਜ਼ ਟਰਾਫੀ ਜਿੱਤਣ ਲਈ ਐਤਵਾਰ ਨੂੰ ਇੱਥੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਬਾਅਦ ਦੁਪਹਿਰ 2:30 ਵਜੇ ਤੋਂ ਹੋ ਰਹੇ ਫਾਈਨਲ ਵਿੱਚ ਨਿਊਜ਼ੀਲੈਂਡ ਵਰਗੀ ਮਜ਼ਬੂਤ ਟੀਮ ਨੂੰ ਹਰਾਉਣਾ ਪਵੇਗਾ। ਨਿਊਜ਼ੀਲੈਂਡ ਹਮੇਸ਼ਾ ਭਾਰਤ ਲਈ ਸਖ਼ਤ ਚੁਣੌਤੀ ਸਾਬਤ ਹੋਇਆ ਹੈ ਅਤੇ ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਦਾ ਇਸ ਵਿਰੁੱਧ ਜਿੱਤ ਦਾ ਰਿਕਾਰਡ 10-6 ਹੈ। ਨਿਊਜ਼ੀਲੈਂਡ ਨੇ ਆਈਸੀਸੀ ਨਾਕਆਊਟ ਗੇੜਾਂ ਵਿੱਚ ਭਾਰਤ ਖ਼ਿਲਾਫ਼ ਚਾਰ ’ਚੋਂ ਤਿੰਨ ਮੈਚ ਜਿੱਤੇ ਹਨ।
ਐਤਕੀਂ ਭਾਰਤੀ ਟੀਮ ਦਾ ਆਤਮਵਿਸ਼ਵਾਸ ਇਸ ਲਈ ਵੀ ਵਧਿਆ ਹੈ ਕਿਉਂਕਿ ਉਸ ਦੀ ਸਪਿੰਨ ਚੌਕੜੀ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੀ ਫਲੈਟ ਪਿੱਚ ’ਤੇ ਬਹੁਤ ਸਫਲ ਰਹੀ ਹੈ। ਲੱਗਦਾ ਹੈ ਕਿ ਭਾਰਤੀ ਟੀਮ ਫਾਈਨਲ ਵਿੱਚ ਵੀ ਚਾਰ ਸਪਿੰਨਰਾਂ ਅਤੇ ਦੋ ਤੇਜ਼ ਗੇਂਦਬਾਜ਼ਾਂ ਨੂੰ ਹੀ ਉਤਾਰੇਗੀ। ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਵਰਗੇ ਭਾਰਤੀ ਸਪਿੰਨਰਾਂ ਨੇ ਪੂਰੇ ਟੂਰਨਾਮੈਂਟ ਵਿੱਚ ਵਿਰੋਧੀ ਬੱਲੇਬਾਜ਼ਾਂ ਨੂੰ ਮੁਸ਼ਕਲ ਵਿੱਚ ਪਾਈ ਰੱਖਿਆ। ਇਸੇ ਤਰ੍ਹਾਂ ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਨੇ ਭਾਰਤੀ ਗੇਂਦਬਾਜ਼ੀ ਦੇ ਹਮਲੇ ਨੂੰ ਮਜ਼ਬੂਤ ਕੀਤਾ ਹੈ। ਜੇ ਫਾਈਨਲ ਉਸੇ ਪਿੱਚ ’ਤੇ ਖੇਡਿਆ ਗਿਆ, ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੀਗ ਗੇੜ ਦਾ ਮੈਚ ਖੇਡਿਆ ਗਿਆ ਸੀ, ਤਾਂ ਇਹ ਚਾਰ ਗੇਂਦਬਾਜ਼ ਕੀਵੀ ਟੀਮ ਨੂੰ ਫਿਰਕੀ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸਾ ਸਕਦੇ ਹਨ। ਤੇਜ਼ ਗੇਂਦਬਾਜ਼ੀ ਵਿੱਚ ਮੁਹੰਮਦ ਸ਼ਮੀ ਅਤੇ ਹਰਫਨਮੌਲਾ ਹਾਰਦਿਕ ਪੰਡਿਆ ਨੂੰ ਹੀ ਉਤਾਰਿਆ ਜਾ ਸਕਦਾ ਹੈ।