ਤਿਲੰਗਾਨਾ- ਤਿਲੰਗਾਨਾ ਦੇ ਸਿੰਜਾਈ ਮੰਤਰੀ ਐੱਨ. ਉੱਤਮ ਕੁਮਾਰ ਰੈੱਡੀ ਨੇ ਅੱਜ ਅਧਿਕਾਰੀਆਂ ਨੂੰ ਐੱਸਐੱਲਬੀਸੀ ਸੁਰੰਗ ਢਹਿਣ ਬਾਅਦ ਜਾਰੀ ਬਚਾਅ ਕਾਰਜਾਂ ਲਈ 11 ਮਾਰਚ ਤੋਂ ਰੋਬੋਟ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨੁਕਸਾਨੀ ਬੋਰਿੰਗ ਮਸ਼ੀਨ ਦੇ ਟੁਕੜੇ ਬਚਾਅ ਕਰਮਚਾਰੀਆਂ ਲਈ ਖ਼ਤਰਾ ਪੈਦਾ ਕਰ ਰਹੇ ਹਨ। 22 ਫਰਵਰੀ ਨੂੰ ਸੁਰੰਗ ਦਾ ਕੁੱਝ ਹਿੱਸਾ ਢਹਿਣ ਤੋਂ ਲੈ ਕੇ ਹੁਣ ਤੱਕ 8 ਵਰਕਰ ਇਸ ਦੇ ਅੰਦਰ ਫਸੇ ਹੋਏ ਹਨ।
ਰੈੱਡੀ ਨੇ ਸੁਰੰਗ ਵਾਲੀ ਥਾਂ ਦਾ ਦੌਰਾ ਕਰਦਿਆਂ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸਰਕਾਰ ਹੈਦਰਾਬਾਦ ਸਥਿਤ ਪ੍ਰਾਈਵੇਟ ਕੰਪਨੀ ਦੇ ਰੋਬੋਟ ਮਾਹਿਰਾਂ ਦੀਆਂ ਸੇਵਾਵਾਂ ਲਵੇਗੀ ਅਤੇ ਇਸ ’ਤੇ ਚਾਰ ਕਰੋੜ ਰੁਪਏ ਖਰਚੇਗੀ। 2 ਮਾਰਚ ਨੂੰ ਘਟਨਾ ਸਥਾਨ ਦੇ ਦੌਰੇ ਦੌਰਾਨ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨੂੰ ਲੋੜ ਪੈਣ ’ਤੇ ਸੁਰੰਗ ਦੇ ਅੰਦਰ ਰੋਬੋਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ। ਉੱਤਮ ਕੁਮਾਰ ਰੈੱਡੀ ਨੇ ਸੁਰੰਗ ਢਹਿਣ ਨੂੰ ਕੌਮੀ ਆਫ਼ਤ ਦੱਸਦਿਆਂ ਕਿਹਾ ਕਿ ਕਈ ਚੁਣੌਤੀਆਂ ਸਾਹਮਣੇ ਹੋਣ ਦੇ ਬਾਵਜੂਦ ਸਰਕਾਰ ਬਚਾਅ ਕਾਰਜ ਜਾਰੀ ਰੱਖਣ ਲਈ ਦ੍ਰਿੜ ਹੈ। ਸੁਰੰਗ ਦੇ ਅੰਦਰ ਸੁਰੰਗ ਬੋਰਿੰਗ ਮਸ਼ੀਨ (ਟੀਬੀਐੱਮ) ਖਰਾਬ ਹੋ ਗਈ ਹੈ ਅਤੇ ਬਚਾਅ ਟੀਮਾਂ ਇਸ ਦੇ ਹਿੱਸੇ ਕੱਟ ਕੇ ਅੰਦਰ ਫਸੇ ਹੋਏ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ਸਰਕਾਰ ਬਚਾਅ ਕਾਰਜਾਂ ਵਿੱਚ ਡਟੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਹੈ। ਉਨ੍ਹਾਂ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਲਈ ਦੁਨੀਆਂ ਦੀ ਸਭ ਤੋਂ ਵਧੀਆ ਤਕਨਾਲੋਜੀ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ।