December 1, 2025
ਖਾਸ ਖ਼ਬਰਖੇਡਾਂਰਾਸ਼ਟਰੀ

ਵਿਦਰਭ ਨੇ ਤੀਜੀ ਵਾਰ ਰਣਜੀ ਟਰਾਫੀ ਜਿੱਤੀ

ਵਿਦਰਭ ਨੇ ਤੀਜੀ ਵਾਰ ਰਣਜੀ ਟਰਾਫੀ ਜਿੱਤੀ

ਨਾਗਪੁਰ- ਵਿਦਰਭ ਨੇ ਅੱਜ ਆਪਣੇ ਘਰੇਲੂ ਮੈਦਾਨ ’ਤੇ ਖੇਡੇ ਗਏ ਫਾਈਨਲ ਦੇ ਪੰਜਵੇਂ ਅਤੇ ਆਖਰੀ ਦਿਨ ਕੇਰਲ ਨੂੰ ਪਹਿਲੀ ਪਾਰੀ ਦੀ ਲੀਡ ਦੇ ਆਧਾਰ ’ਤੇ ਹਰਾ ਕੇ ਆਪਣਾ ਤੀਜਾ ਰਣਜੀ ਟਰਾਫੀ ਖਿਤਾਬ ਜਿੱਤ ਲਿਆ ਹੈ। ਉਂਝ ਇਹ ਮੈਚ ਡਰਾਅ ਰਿਹਾ ਪਰ ਪਹਿਲੀ ਪਾਰੀ ਦੀ ਲੀਡ ਦੇ ਆਧਾਰ ’ਤੇ ਵਿਦਰਭ ਨੂੰ ਜੇਤੂ ਐਲਾਨਿਆ ਗਿਆ। ਮੈਚ ਦਾ ਨਤੀਜਾ ਤੀਜੇ ਦਿਨ ਹੀ ਤੈਅ ਹੋ ਗਿਆ ਸੀ ਜਦੋਂ ਵਿਦਰਭ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 379 ਦੌੜਾਂ ਬਣਾਉਣ ਮਗਰੋਂ ਕੇਰਲ ਨੂੰ 342 ਦੌੜਾਂ ’ਤੇ ਆਊਟ ਕਰ ਕੇ ਪਹਿਲੀ ਪਾਰੀ ਵਿੱਚ 37 ਦੌੜਾਂ ਦੀ ਲੀਡ ਲੈ ਲਈ ਸੀ।

ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਕੇਰਲ ਦੀ ਟੀਮ ਨੇ ਵੀ ਸਖ਼ਤ ਟੱਕਰ ਦਿੱਤੀ, ਪਰ ਵਿਦਰਭ ਨੂੰ ਪੂਰੇ ਸੀਜ਼ਨ ਦੌਰਾਨ ਆਪਣੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਫਲ ਮਿਲਿਆ। ਇਸ ਦੌਰਾਨ ਵਿਦਰਭ ਨੇ ਨਾ ਸਿਰਫ਼ ਰਣਜੀ ਟਰਾਫੀ ਜਿੱਤੀ, ਸਗੋਂ 50 ਓਵਰਾਂ ਦੀ ਵਿਜੈ ਹਜ਼ਾਰੇ ਟਰਾਫੀ ਵਿੱਚ ਵੀ ਦੂਜੇ ਸਥਾਨ ’ਤੇ ਰਿਹਾ। ਵਿਦਰਭ ਨੇ ਤੀਜੀ ਵਾਰ ਰਣਜੀ ਟਰਾਫੀ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਉਸ ਨੇ 2017-18 ਅਤੇ 2018-19 ਵਿੱਚ ਲਗਾਤਾਰ ਦੋ ਖਿਤਾਬ ਜਿੱਤੇ ਸਨ। ਪਿਛਲੇ ਰਣਜੀ ਸੀਜ਼ਨ ਵਿੱਚ ਵੀ ਟੀਮ ਉਪ ਜੇਤੂ ਰਹੀ ਸੀ। ਇਸ ਤਰ੍ਹਾਂ ਵਿਦਰਭ ਦੀ ਇਹ ਜਿੱਤ ਹੁਣ ਉਸ ਨੂੰ ਭਾਰਤੀ ਘਰੇਲੂ ਕ੍ਰਿਕਟ ਦੀਆਂ ਸਭ ਤੋਂ ਮਜ਼ਬੂਤ ਟੀਮਾਂ ’ਚੋਂ ਇੱਕ ਬਣਾ ਦਿੰਦੀ ਹੈ।

ਅਕਸ਼ੈ ਵਾਡਕਰ ਦੀ ਕਪਤਾਨੀ ਅਤੇ ਮੁੱਖ ਕੋਚ ਉਸਮਾਨ ਗਨੀ ਦੀ ਅਗਵਾਈ ਵਾਲੀ ਟੀਮ ਨੇ ਪੂਰੇ ਰਣਜੀ ਟਰਾਫੀ ਸੀਜ਼ਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੀਗ ਗੇੜ ਵਿੱਚ ਵਿਦਰਭ ਚਾਰਾਂ ਗਰੁੱਪਾਂ ’ਚ ਸਰਬੋਤਮ ਟੀਮ ਰਹੀ, ਜਿਸ ਨੇ ਸੱਤ ਮੈਚਾਂ ’ਚੋਂ ਛੇ ਜਿੱਤਾਂ ਨਾਲ 40 ਅੰਕ ਹਾਸਲ ਕੀਤੇ।

ਅੱਜ ਵੀ ਵਿਦਰਭ ਨੇ ਯੋਜਨਾ ਅਨੁਸਾਰ ਖੇਡ ਖੇਡੀ ਅਤੇ ਕਰੁਣ ਨਾਇਰ ਦੀਆਂ 135 ਦੌੜਾਂ ਦੀ ਮਦਦ ਨਾਲ ਨੌਂ ਵਿਕਟਾਂ ’ਤੇ 375 ਦੌੜਾਂ ਬਣਾਈਆਂ। ਇਸ ਵਿੱਚ ਦਾਨਿਸ਼ ਮਾਲੇਵਾਰ ਨੇ 73 ਦੌੜਾਂ ਦਾ ਯੋਗਦਾਨ ਪਾਇਆ ਅਤੇ ਦਰਸ਼ਨ ਨਲਕੰਡੇ ਨੇ ਨਾਬਾਦ 51 ਦੌੜਾਂ ਬਣਾਈਆਂ। ਵਿਦਰਭ ਨੇ ਦਿਨ ਦੀ ਸ਼ੁਰੂਆਤ ਰਾਤ ਦੀ 286 ਦੌੜਾਂ ਦੀ ਲੀਡ ਨਾਲ ਕੀਤੀ ਸੀ। ਨਾਇਰ ਭਾਵੇਂ ਰਾਤ ਦੇ ਸਕੋਰ ਵਿੱਚ ਸਿਰਫ ਤਿੰਨ ਦੌੜਾਂ ਹੀ ਜੋੜ ਸਕਿਆ ਪਰ ਵਿਦਰਭ ਨੇ ਲਗਪਗ ਚਾਹ ਦੇ ਬਰੇਕ ਦੇ ਕਰੀਬ ਤੱਕ ਬੱਲੇਬਾਜ਼ੀ ਕੀਤੀ ਅਤੇ ਨੌਂ ਵਿਕਟ ’ਤੇ 375 ਦੌੜਾਂ ਬਣਾਈ, ਜਿਸ ਨਾਲ ਟੀਮ ਦੀ ਕੁੱਲ ਲੀਡ 412 ਦੌੜਾਂ ਹੋ ਗਈ। ਇਹ ਸਚਿਨ ਬੇਬੀ ਦੀ ਅਗਵਾਈ ਵਾਲੀ ਕੇਰਲ ਦੀ ਟੀਮ ਦੀ ਪਹੁੰਚ ਤੋਂ ਕਾਫੀ ਦੂਰ ਸੀ।

Related posts

ਰਾਜਾ ਰਘੂਵੰਸ਼ੀ ਕਤਲ ਕੇਸ: ਮੇਘਾਲਿਆ ਪੁਲੀਸ ਵੱਲੋਂ ਦੋ ਹੋਰ ਗ੍ਰਿਫ਼ਤਾਰ

Current Updates

ਜੌਲੀ ਐੱਲਐੱਲਬੀ 3 ਦੀ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ; ਪਹਿਲੇ ਦਿਨ ਹੀ ਕੀਤੀ 12.75 ਕਰੋੜ ਦੀ ਕਮਾਈ

Current Updates

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ 6 ਅਗਸਤ ਨੂੰ ਪੱਖ ਰੱਖਣ ਲਈ ਸੱਦਿਆ

Current Updates

Leave a Comment