ਪਟਿਆਲਾ- ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪੁਲੀਸ ਪਟਿਆਲਾ ਵੱਲੋਂ ਪਟਿਆਲਾ ਸ਼ਹਿਰ ਸਮੇਤ ਜ਼ਿਲ੍ਹੇ ’ਚ ਸੱੱਤ ਹੋਰ ਥਾਵਾਂ ’ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਇਕੋ ਸਮੇਂ ਅੱਠ ਥਾਈਂ ਚੱਲੀ ਇਸ ਤਲਾਸ਼ੀ ਲਈ ਡਟੇ ਅੱਠ ਸੌ ਪੁਲੀਸ ਮੁਲਾਜ਼ਮਾਂ ਨੂੰ ਲੋਕਾਂ ਦਾ ਸਹਿਯੋਗ ਵੀ ਮਿਲਿਆ। ਇਸ ਦੌਰਾਨ 4 ਲੱਖ ਡਰੱਗ ਮਨੀ ਅਤੇ 35 ਵਾਹਨ ਜ਼ਬਤ ਕਰਨ ਸਮੇਤ ਵੱਖ-ਵੱਖ ਵਿਅਕਤੀਆਂ ਦੇ ਖ਼ਿਲਾਫ਼ 10 ਪੁਲੀਸ ਕੇਸ ਵੀ ਦਰਜ ਕੀਤੇ ਗਏ। ਇਸ ਤੋਂ ਇਲਾਵਾ 25 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਮੁਹਿੰਮ ਦੀ ਅਗਵਾਈ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਐੱਸਪੀ ਵੈਭਬ ਚੌਧਰੀ, ਹਰਬੰਤ ਕੌਰ, ਯੋਗੇਸ਼ ਸ਼ਰਮਾ ਤੇ ਰਾਜੇਸ਼ ਛਿੱਬੜ ਸਮੇਤ ਡੀਐੱਸਪੀ ਸਤਿਨਾਮ ਸੰਘਾ ਸਮੇਤ ਇੰਸਪੈਕਟਰ ਸ਼ਮਿੰਦਰ ਸਿੰਘ, ਹਰਜਿੰਦਰ ਢਿੱਲੋਂ, ਅੰਮ੍ਰਿਤਬੀਰ ਚਹਿਲ ਆਦਿ ਪ੍ਰੁਮੁੱਖ ਅਧਿਕਾਰੀ ਮੌਜੂਦ ਰਹੇ। ਡੀਆਈਜੀ ਨੇ ਦੱਸਿਆ ਕਿ ਪਟਿਆਲਾ, ਘਨੌਰ, ਰਾਜਪੁਰਾ, ਪਾਤੜਾਂ, ਸਮਾਣਾ, ਨਾਭਾ ਅਤੇ ਘੱਗਾ ਆਦਿ ਥਾਈਂ ਘਰ-ਘਰ ਜਾ ਕੇ ਤਲਾਸ਼ੀ ਲਈ ਗਈ।
ਮਨਦੀਪ ਸਿੱਧੂ ਨੇ ਹੋਰ ਕਿਹਾ ਕਿ ਇਹ ਮਹਿੰਮ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਐਤਕੀਂ ਲੋਕਾਂ ਦਾ ਵੀ ਭਰਵਾਂ ਸਹਿਯੋਗ ਰਿਹਾ। ਐੱਸਐੱਸਪੀ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਅੱਜ ਜ਼ਿਲ੍ਹੇ ’ਚ 100 ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਹੈ। ਇਸ ਦੌਰਾਨ 4 ਲੱਖ ਰੁਪਏ ਦੀ ਡਰੱਗ ਮਨੀ, ਨਸ਼ੀਲੇ ਪਦਾਰਥ ਤੇ 35 ਵਾਹਨ ਜ਼ਬਤ ਕਰਦਿਆਂ 10 ਕੇਸ ਦਰਜ ਕਰਕੇ 25 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਸਮਾਣਾ (ਸੁਭਾਸ਼ ਚੰਦਰ): ਡੀਐੱਸਪੀ ਸਮਾਣਾ ਗੁਰਇਕਬਾਲ ਸਿੰਘ ਸਿੰਕਦ ਦੀ ਅਗਵਾਈ ’ਚ ਪੁਲੀਸ ਟੀਮ ਨੇ ਪਿੰਡ ਮੁਰਾਦਪੁਰਾ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿਚ ਥਾਣਾ ਸਿਟੀ ਪੁਲੀਸ ਮੁਖੀ ਰੋਣੀ ਸਿੰਘ, ਸਦਰ ਥਾਣਾ ਮੁਖੀ ਬਿਕਰਮਜੀਤ ਸਿੰਘ ਬਰਾੜ ਤੇ ਸੀਆਈਏ ਸਟਾਫ ਮੁਖੀ ਜਸਪਾਲ ਸਿੰਘ ਸ਼ਾਮਲ ਸਨ। ਇਸ ਦੌਰਾਨ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਇਕ ਨਸ਼ਾ ਤਸਕਰ ਵਿਜੇ ਕੁਮਾਰ ਤੋਂ ਇਲਾਵਾ ਕਰੀਬ ਅੱਧਾ ਦਰਜਨ ਵਿਅਕਤੀ ਪੁੱਛ-ਗਿੱਛ ਲਈ ਕਾਬੂ ਕੀਤੇ ਗਏ ਹਨ।