ਤਲ ਅਵੀਵ-ਇਜ਼ਰਾਈਲ ਨੇ ਫਲਸਤੀਨੀ ਕੈਦੀਆਂ ਦੀ ਰਿਹਾਈ ਵਿੱਚ ਦੇਰੀ ਕੀਤੀ ਗਾਜ਼ਾ ਵਿਚ ਛੇ ਇਜ਼ਰਾਇਲੀ ਬੰਧਕਾਂ ਨੂੰ ਸੌਂਪਣ ਮੌਕੇ ਉਨ੍ਹਾਂ ਦਾ ਅਪਮਾਨ ਕੀਤੇ ਜਾਣ ਦੇ ਹਵਾਲੇ ਨਾਲ ਇਜ਼ਰਾਈਲ ਨੇ ਅਗਲੇ ਬੰਧਕਾਂ ਦੀ ਰਿਹਾਈ ਦਾ ਭਰੋਸਾ ਮਿਲਣ ਤੱਕ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਰੋਕ ਦਿੱਤੀ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਇਹ ਬਿਆਨ ਐਤਵਾਰ ਸਵੇਰੇ ਉਦੋਂ ਆਇਆ ਜਦੋਂ ਕੈਦੀਆਂ ਨੂੰ ਲਿਜਾ ਰਹੀਆਂ ਗੱਡੀਆਂ ਓਫਰ ਜੇਲ੍ਹ ਦੇ ਖੁੱਲ੍ਹੇ ਦਰਵਾਜ਼ਿਆਂ ਤੋਂ ਬਾਹਰ ਨਿਕਲੀਆਂ, ਪਰ ਵਾਪਸ ਅੰਦਰ ਚਲੀਆਂ ਗਈਆਂ।
ਸ਼ਨਿੱਚਰਵਾਰ ਨੂੰ 620 ਫਲਸਤੀਨੀ ਕੈਦੀਆਂ ਦੀ ਰਿਹਾਈ ਛੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਤੋਂ ਬਾਅਦ ਹੋਣੀ ਸੀ। ਗਾਜ਼ਾ ਜੰਗਬੰਦੀ ਦੇ ਪਹਿਲੇ ਪੜਾਅ ਵਿੱਚ ਇਕ ਦਿਨ ਵਿਚ ਸਭ ਤੋਂ ਵੱਡੀ ਗਿਣਤੀ ਵਿਚ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਸੀ। ਸ਼ਨਿੱਚਰਵਾਰ ਨੂੰ ਰਿਹਾਅ ਕੀਤੇ ਗਏ ਛੇ ਬੰਧਕਾਂ ਵਿੱਚੋਂ ਪੰਜ ਨੂੰ ਹਜੂਮ ਸਾਹਮਣੇ ਪੇਸ਼ ਕਰਨ ਮੌਕੇ ਨਕਾਬਪੋਸ਼, ਹਥਿਆਰਬੰਦ ਅਤਿਵਾਦੀਆਂ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ ਹੋਈ ਸੀ, ਜਿਸ ਦੀ ਸੰਯੁਕਤ ਰਾਸ਼ਟਰ ਅਤੇ ਹੋਰਨਾਂ ਨੇ ਆਲੋਚਨਾ ਕੀਤੀ ਹੈ। ਹਮਾਸ ਨੇ ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਉਮੀਦ ਮੁਤਾਬਕ ਛੇ ਜ਼ਿੰਦਾ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਸੀ, ਜਦੋਂ ਕਿ ਸ਼ੁਰੂਆਤੀ ਪੜਾਅ ਵਿਚ ਇੱਕ ਹਫ਼ਤਾ ਬਾਕੀ ਸੀ। ਇਜ਼ਰਾਈਲ ਦੇ ਉਪਰੋਕਤ ਐਲਾਨ ਨੇ ਜੰਗਬੰਦੀ ਦੇ ਭਵਿੱਖ ਨੂੰ ਲੈ ਕੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ।