ਨਵੀਂ ਦਿੱਲੀ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਤ, ਵਰਗ, ਧਰਮ ਅਤੇ ਸੱਭਿਆਚਾਰ ਵਿੱਚ ਪਾੜਾ ਵਧਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀਆਂ ਤਾਕਤਾਂ ਰਾਹੀਂ ਪੈਦਾ ਹੋਣ ਵਾਲੇ ਖ਼ਤਰੇ ਨੂੰ ਸਮਝਣ ਵਾਲੇ ਲੋਕ ਆਪਣੇ ਸੌੜੇ ਹਿੱਤਾਂ ਕਾਰਨ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਬਹੁਤ ਮੰਦਭਾਗਾ ਹੈ। ਧਨਖੜ ਨੇ ਕਿਹਾ ਕਿ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਆਪਣੀ ਇੱਛਾ ਅਨੁਸਾਰ ਹੁੰਦਾ ਹੈ ਅਤੇ ‘ਹੇਰਾਫੇਰੀ’ ਰਾਹੀਂ ਪੈਦਾ ਹੋਣ ਵਾਲਾ ਧਾਰਮਿਕ ਵਿਸ਼ਵਾਸ ਮਨੁੱਖੀ ਸ਼ੋਸ਼ਣ ਦਾ ਸਭ ਤੋਂ ਭੈੜਾ ਰੂਪ ਹੈ।ਉਪ ਰਾਸ਼ਟਰਪਤੀ ਨੇ ਉਦਯੋਗਪਤੀ ਗੋਪੀਚੰਦ ਪੀ ਹਿੰਦੂਜਾ ਦੀ ਪੁਸਤਕ ‘ਆਈ ਐਮ?’ ਦੇ ਲੋਕ ਅਰਪਣ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਇਹ ਕਿਤਾਬ ‘ਭਾਰਤੀਅਤਾ’ ਦੀ ਵਿਸ਼ਵਵਿਆਪੀ ਸਾਰਥਕਤਾ ਨੂੰ ਉਭਾਰਦੀ ਹੈ, ਜੋ ਸਾਰੇ ਧਰਮਾਂ ਵਿੱਚ ਦੇਖਿਆ ਜਾਣ ਵਾਲਾ ਗੁਣ ਹੈ। ਅਸੀਂ ਧਰਮ ਪਰਿਵਰਤਨ ਦੇ ਲਾਲਚ ਤੋਂ ਬਿਨਾਂ ਦੂਜਿਆਂ ਦੇ ਸੱਚ ਦਾ ਸਤਿਕਾਰ ਅਤੇ ਕਦਰ ਕਰ ਸਕਦੇ ਹਾਂ। ਏਕਤਾ ਦਾ ਮਤਲਬ ਇਕਸਾਰਤਾ ਨਹੀਂ ਹੈ। ‘ਭਾਰਤੀਅਤਾ’ ਇਸ ਦੀ ਸੰਪੂਰਨ ਉਦਾਹਰਣ ਹੈ। ਇਹ ਅਨੇਕਤਾ ’ਚ ਏਕਤਾ ਦੀ ਉਦਾਹਰਣ ਹੈ।’ ਹਿੰਦੁਜਾ ਗਰੁੱਪ ਆਫ ਕੰਪਨੀਜ਼ (ਭਾਰਤ) ਦੇ ਪ੍ਰਧਾਨ ਅਸ਼ੋਕ ਹਿੰਦੁਜਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਸ਼ੇ ’ਤੇ ਵੱਖ ਵੱਖ ਧਾਰਮਿਕ ਗੁਰੂਆਂ, ਬੁੱਧੀਜੀਵੀਆਂ ਤੇ ਆਲਮੀ ਆਗੂਆਂ ਤੋਂ ਪ੍ਰੇਰਿਤ ਹੋ ਕੇ ਜੀਪੀ ਹਿੰਦੁਜਾ ਨੇ ਨੌਜਵਾਨ ਪੀੜ੍ਹੀ ਨੂੰ ਸਕਾਰਾਤਮਕ ਢੰਗ ਨਾਲ ਮਦਦ ਕਰਨ ਲਈ ਇਸ ਪੁਸਤਕ ਦੀ ਰਚਨਾ ਕੀਤੀ।
previous post