ਰੂਪਨਗਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਹਰਿਆਣਾ ਦੇ ਕਿਸਾਨਾਂ ਦੀਆਂ ਸੌ ਫੀਸਦੀ ਫਸਲਾਂ ਐਮਐਸਪੀ ’ਤੇ ਖਰੀਦ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ ਹੈ ਤੇ ਹੁਣ ਹਰਿਆਣਾ ਸੂਬੇ ਅੰਦਰ ਸਾਰੀਆਂ ਫਸਲਾਂ 100 ਫੀਸਦੀ ਐਮਐਸਪੀ ’ਤੇ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੰਨਾ ਸੋਸ਼ਣ ਹੋਇਆ ਹੈ, ਓਨਾ ਹੋਰ ਕਿਧਰੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਰਾਜ ਦੌਰਾਨ ਕਿਸਾਨਾਂ ਨਾਲ ਕੀਤਾ ਹੋਇਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਕਿਸਾਨਾਂ ਨੂੰ ਇੱਕ ਵੀ ਫਸਲ ’ਤੇ ਐਮਐਸਪੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਿਧਾਨ ਸਭਾ ਵਿੱਚ ਐਲਾਨ ਕਰੇ ਕਿ ਉਹ ਸਾਰੀਆਂ ਫਸਲਾਂ ਐਮ.ਐਸ.ਪੀ ’ਤੇ ਖਰੀਦੇਗੀ। ਉਨ੍ਹਾਂ ਕਿਹਾ ਕਿ ਕੁੱਝ ਫਸਲਾਂ ਕੇਂਦਰ ਸਰਕਾਰ ਖਰੀਦਦੀ ਹੈ, ਜਦੋਂ ਕਿ ਬਾਕੀ ਫਸਲਾਂ ਰਾਜ ਸਰਕਾਰ ਖਰੀਦ ਸਕਦੀ ਹੈ। ਇਸ ਦੌਰਾਨ ਉਨ੍ਹਾਂ ਹਰਿਆਣਾ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਭਾਜਪਾ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਵੀ ਮੌਜੂਦ ਸਨ।