November 9, 2026
ਖਾਸ ਖ਼ਬਰਪੰਜਾਬਰਾਸ਼ਟਰੀ

ਹੁਨਰਮੰਦ ਹੱਥਾਂ ਦਾ ਸਨਮਾਨ ਹੀ ਖ਼ੁਸ਼ਹਾਲ ਪੰਜਾਬ ਦੀ ਨੀਂਹ

ਹੁਨਰਮੰਦ ਹੱਥਾਂ ਦਾ ਸਨਮਾਨ ਹੀ ਖ਼ੁਸ਼ਹਾਲ ਪੰਜਾਬ ਦੀ ਨੀਂਹ
ਲੁਧਿਆਣਾ-  ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੁਧਿਆਣਾ ਦੇ ਬਾਬਾ ਵਿਸ਼ਵਕਰਮਾ ਭਵਨ ਵਿਖੇ ਪਹੁੰਚੇ ਅਤੇ ਭਗਵਾਨ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਇਸ ਨੂੰ ਆਪਣੇ ਲਈ ਬਹੁਤ ਸੌਭਾਗ ਦੀ ਗੱਲ ਦੱਸਿਆ।
ਇਸ ਮੌਕੇ ਉਨ੍ਹਾਂ ਸਮੂਹ ਕਾਰੀਗਰਾਂ, ਮਿਸਤਰੀਆਂ, ਲੁਹਾਰਾਂ, ਤਰਖਾਣਾਂ ਅਤੇ ਸਾਰੇ ਮਿਹਨਤਕਸ਼ ਭੈਣਾਂ-ਭਰਾਵਾਂ ਨੂੰ ਭਗਵਾਨ ਵਿਸ਼ਵਕਰਮਾ ਜਯੰਤੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਦਿਨ ਸਿਰਫ਼ ਪੂਜਾ ਦਾ ਨਹੀਂ, ਸਗੋਂ ਹੱਥਾਂ ਦੇ ਹੁਨਰ ਅਤੇ ਕਿਰਤ ਦੇ ਸਨਮਾਨ ਦਾ ਦਿਨ ਹੈ। ਭਗਵਾਨ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਦਾ ਪਹਿਲਾ ਸ਼ਿਲਪਕਾਰ ਅਤੇ ਇੰਜੀਨੀਅਰ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਹੈ ਕਿ ਜੋ ਆਪਣੇ ਹੱਥਾਂ ਨਾਲ ਕੁਝ ਰਚਦਾ ਹੈ, ਉਹੀ ਸਮਾਜ ਦਾ ਅਸਲ ਨਿਰਮਾਤਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦਾ ਸੰਦੇਸ਼ ਦਿੱਤਾ ਹੈ। ਪੰਜਾਬ ਦੀ ਧਰਤੀ ਦੀ ਪਛਾਣ ਹੀ ਮਿਹਨਤ ਨਾਲ ਹੈ ਅਤੇ ਇਸ ਮਿਹਨਤ ਦੀ ਰੀੜ੍ਹ ਦੀ ਹੱਡੀ ਸਾਡੇ ਕਾਰੀਗਰ ਭਰਾ ਹਨ। ਪਿੰਡ ਦੀ ਗਲੀ ਤੋਂ ਲੈ ਕੇ ਵੱਡੇ ਕਾਰਖ਼ਾਨਿਆਂ ਤੱਕ, ਹਲ ਦੇ ਫਾਲੇ ਤੋਂ ਲੈ ਕੇ ਘਰ ਦੀ ਛੱਤ ਤੱਕ, ਹਰ ਥਾਂ ਕਿਸੇ ਕਾਰੀਗਰ ਦੇ ਹੱਥਾਂ ਦੀ ਛਾਪ ਹੈ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਦਹਾਕਿਆਂ ਤੱਕ ਇਨ੍ਹਾਂ ਹੱਥਾਂ ਨੂੰ ਸਿਰਫ਼ ਵਧਾਈਆਂ ਮਿਲੀਆਂ, ਸਹੂਲਤਾਂ ਨਹੀਂ ਮਿਲੀਆਂ।
ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਇਸ ਸੋਚ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬਦਲਿਆ। ਪੀ.ਐੱਮ. ਵਿਸ਼ਵਕਰਮਾ ਯੋਜਨਾ ਰਾਹੀਂ ਪਰੰਪਰਾਗਤ ਕਾਰੀਗਰਾਂ ਨੂੰ ਪਛਾਣ-ਪੱਤਰ, ਹੁਨਰ ਸਿਖਲਾਈ, ਆਧੁਨਿਕ ਸੰਦਾਂ ਲਈ ਸਹਾਇਤਾ ਅਤੇ ਸਸਤਾ ਕਰਜ਼ਾ ਮੁਹੱਈਆ ਕਰਵਾਇਆ ਗਿਆ ਹੈ। ਮੋਦੀ ਜੀ ਦਾ ਸੁਨੇਹਾ ਹੈ ਕਿ ਕਾਰੀਗਰ ਸਹਾਇਤਾ ਦਾ ਮੁਥਾਜ ਨਹੀਂ, ਸਗੋਂ ਦੇਸ਼ ਦੇ ਨਿਰਮਾਣ ਦਾ ਭਾਈਵਾਲ ਹੈ। ਉਨ੍ਹਾਂ ਪੰਜਾਬ ਦੇ ਹਰ ਕਾਰੀਗਰ ਭਰਾ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਯੋਜਨਾਵਾਂ ਦਾ ਲਾਭ ਜ਼ਰੂਰ ਲੈਣ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਇਸ ਕੰਮ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਅੰਤ ਵਿੱਚ ਸ. ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣਾ ਹੈ ਤਾਂ ਸ਼ੁਰੂਆਤ ਹੁਨਰਮੰਦ ਹੱਥਾਂ ਦੇ ਸਨਮਾਨ ਤੋਂ ਹੋਵੇਗੀ।” ਉਨ੍ਹਾਂ ਇੱਕ ਵਾਰ ਫਿਰ ਸਮੂਹ ਸੰਗਤ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।  ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ। ਬਾਬਾ ਵਿਸ਼ਵਕਰਮਾ ਭਵਨ ਦੀ ਪ੍ਰਬੰਧਕ ਕਮੇਟੀ ਅਤੇ ਅਹੁਦੇਦਾਰਾਂ ਵਲੋਂ ਕੇਵਲ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ, ਸੂਬਾ ਖਜ਼ਾਨਚੀ ਗੁਰਦੇਵ ਦੇਬੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ, ਪ੍ਰਵੀਨ ਬਾਂਸਲ , ਅਮਰਜੀਤ ਸਿੰਘ ਟਿੱਕਾ, ਗੁਰਦੀਪ ਸਿੰਘ ਗੋਸ਼ਾ, ਨਵਲ ਜੈਨ, ਡਾ.ਸਤੀਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਬੀਜੇਪੀ ਆਗੂ ਤੇ ਵਰਕਰ ਹਾਜ਼ਰ ਸਨ।

Related posts

ਛੋਟੇ ਮੁੱਲ ਦੇ ਨੋਟਾਂ ਦੀ ਭਾਰੀ ਕਮੀ ਕਾਰਨ ਕਾਲਾਬਾਜ਼ਾਰੀ ਨੂੰ ਮਿਲ ਰਿਹਾ ਹੁਲਾਰਾ

Current Updates

ਗੈਸ ਸਿਲੰਡਰ ਚ ਧਮਾਕਾ, 8 ਬੱਚੇ ਝੁਲਸੇ

Current Updates

ਨਸ਼ਿਆਂ ਦੀ ਗ੍ਰਿਫ਼ਤ ‘ਚੋਂ ਨਿਕਲੇ ਪਿੰਡ ਲਖਣਪਾਲ ਦੇ ਵਾਸੀਆਂ ਨੇ ਚਿਹਰਿਆਂ ‘ਤੇ ਖੁਸ਼ੀਆਂ ਲਿਆਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ

Current Updates

Leave a Comment