September 13, 2026
ਖਾਸ ਖ਼ਬਰਰਾਸ਼ਟਰੀ

ਕੋਲਕਾਤਾ ਕਾਂਡ: ਸੰਜੈ ਰਾਏ ਦੋਸ਼ੀ ਕਰਾਰ

ਕੋਲਕਾਤਾ ਕਾਂਡ: ਸੰਜੈ ਰਾਏ ਦੋਸ਼ੀ ਕਰਾਰ

ਕੋਲਕਾਤਾ-ਕੋਲਕਾਤਾ ਦੀ ਅਦਾਲਤ ਨੇ ਆਰਜੀ ਕਰ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਮਹਿਲਾ ਡਾਕਟਰ ਨਾਲ ਜਬਰ ਜਨਾਹ ਮਗਰੋਂ ਉਸ ਦੀ ਹੱਤਿਆ ਦੇ ਮਾਮਲੇ ’ਚ ਮੁਲਜ਼ਮ ਸੰਜੈ ਰਾਏ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਹੈ। ਇਹ ਘਟਨਾ ਮਗਰੋਂ ਦੇਸ਼ ਭਰ ’ਚ ਰੋਹ ਫੈਲ ਗਿਆ ਸੀ ਅਤੇ ਲੰਮੇ ਸਮੇਂ ਤੱਕ ਰੋਸ ਮੁਜ਼ਾਹਰੇ ਵੀ ਕੀਤੇ ਗਏ ਸਨ।

ਮਾਮਲੇ ਦੀ ਸੁਣਵਾਈ ਕਰ ਰਹੀ ਸਿਆਲਦਾਹ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਰਬਾਨ ਦਾਸ ਨੇ ਕਿਹਾ ਕਿ ਉਹ ਇਸ ਮਾਮਲੇ ’ਚ 20 ਜਨਵਰੀ ਨੂੰ ਸਜ਼ਾ ਸੁਣਾਉਣਗੇ। ਇਹ ਫ਼ੈਸਲਾ ਪਿਛਲੇ ਸਾਲ ਨਵੰਬਰ ’ਚ ਬੰਦ ਕਮਰੇ ’ਚ ਹੋਈ ਸੁਣਵਾਈ ਤੋਂ ਤਕਰੀਬਨ ਦੋ ਮਹੀਨੇ ਬਾਅਦ ਅਤੇ ਨੌਂ ਅਗਸਤ 2024 ਨੂੰ ਵਾਪਰੀ ਘਟਨਾ ਤੋਂ 162 ਦਿਨ ਬਾਅਦ ਸੁਣਾਇਆ ਗਿਆ ਹੈ। ਸੰਜੈ ਨੂੰ ਬੀਐੱਨਐੱਸ ਦੀ ਧਾਰਾ 64, 66 ਅਤੇ 103 (1) ਤਹਿਤ ਜਬਰ ਜਨਾਹ ਤੇ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ। ਬੀਐੱਨਐੱਸ 103 (1) ਤਹਿਤ ਘੱਟੋ-ਘੱਟ ਉਮਰ ਕੈਦ ਅਤੇ ਵੱਧ ਤੋਂ ਵੱਧ ਫਾਂਸੀ ਦੀ ਸਜ਼ਾ ਮਿਲ ਸਕਦੀ ਹੈ। ਜੱਜ ਨੇ ਕਿਹਾ ਕਿ ਦੋਸ਼ੀ ਨੂੰ ਟਰੇਨੀ ਡਾਕਟਰ ਦਾ ਜਿਨਸੀ ਸ਼ੋਸ਼ਣ ਕਰਨ ਤੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਸੀਬੀਆਈ ਨੇ ਉਸ ਖ਼ਿਲਾਫ਼ ਸਾਰੇ ਦੋਸ਼ ਸਾਬਤ ਕਰ ਦਿੱਤੇ ਹਨ। ਜੱਜ ਨੇ ਕਿਹਾ ਕਿ ਦੋਸ਼ੀ ਦਾ ਬਿਆਨ 20 ਜਨਵਰੀ ਨੂੰ ਬਾਅਦ ਦੁਪਹਿਰ 12.30 ਵਜੇ ਸੁਣਾਇਆ ਜਾਵੇਗਾ ਅਤੇ ਉਸ ਮਗਰੋਂ ਸਜ਼ਾ ਸੁਣਾਈ ਜਾਵੇਗੀ। ਇਸ ਮੌਕੇ ਦੋਸ਼ੀ ਨੇ ਅਦਾਲਤ ਸਾਹਮਣੇ ਦਾਅਵਾ ਕੀਤਾ ਕਿ ਉਸ ਨੂੰ ਫਸਾਇਆ ਗਿਆ ਹੈ। ਦੂਜੇ ਪਾਸੇ ਮ੍ਰਿਤਕਾ ਦੇ ਮਾਪਿਆਂ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਲਈ ਅਦਾਲਤ ਦਾ ਧੰਨਵਾਦ ਕੀਤਾ। ਪੀੜਤਾ ਦੀ ਮਾਤਾ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ’ਚ ਸਾਰੇ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਉਹ ਆਰਾਮ ਨਾਲ ਨਹੀਂ ਬੈਠਣਗੇ।

ਫ਼ੈਸਲੇ ਨੂੰ ਕਿਸੇ ਅਦਾਲਤ ’ਚ ਚੁਣੌਤੀ ਦੀ ਕੋਈ ਯੋਜਨਾ ਨਹੀਂ: ਸੰਜੈ ਦੀ ਭੈਣ-ਕੋਲਕਾਤਾ: ਜਬਰ ਜਨਾਹ ਤੇ ਕਤਲ ਕੇਸ ’ਚ ਸੰਜੈ ਰਾਏ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਉਸ ਦੀ ਭੈਣ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਅਦਾਲਤ ਦੇ ਹੁਕਮਾਂ ਨੂੰ ਕਿਸੇ ਹੋਰ ਅਦਾਲਤ ’ਚ ਚੁਣੌਤੀ ਦੇਣ ਦੀ ਕੋਈ ਯੋਜਨਾ ਨਹੀਂ ਹੈ। ਭਵਾਨੀਪੁਰ ਇਲਾਕੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਸਿਆਲਦਾਹ ਅਦਾਲਤ ’ਚ ਨਹੀਂ ਗਈ, ਜਿੱਥੇ ਉਸ ਦੇ ਭਰਾ ਨੂੰ ਪੇਸ਼ ਕੀਤਾ ਗਿਆ। ਉਸ ਨੇ ਕਿਹਾ, ‘ਜੇ ਉਸ (ਸੰਜੈ) ਨੇ ਕੋਈ ਅਪਰਾਧ ਕੀਤਾ ਹੈ ਤਾਂ ਉਸ ਨੂੰ ਢੁੱਕਵੀਂ ਸਜ਼ਾ ਮਿਲਣੀ ਚਾਹੀਦੀ ਹੈ। ਸਾਡੀ ਹੁਕਮਾਂ ਨੂੰ ਕਿਸੇ ਹੋਰ ਅਦਾਲਤ ’ਚ ਚੁਣੌਤੀ ਦੇਣ ਦੀ ਕੋਈ ਯੋਜਨਾ ਨਹੀਂ ਹੈ।’

Related posts

ਅਰਵਿੰਦ ਕੇਜਰੀਵਾਲ ਨੂੰ ਬਰੀ ਕਰਨ ਵਾਲੇ ਜੱਜ ਨੇ ਪਿਛਲੇ ਸਮੇਂ ਵਿੱਚ ਕਈ ਮੁੱਖ ਮਾਮਲਿਆਂ ਨਾਲ ਨਜਿੱਠਿਆ

Current Updates

ਫ਼ਿਰੋਜ਼ਪੁਰ ਵਿਖੇ ’’ਸਾਰਾਗੜ੍ਹੀ ਜੰਗੀ ਯਾਦਗਾਰ” ਹੋਈ ਲੋਕ ਅਰਪਣ- ਡਾ. ਬਲਜੀਤ ਕੌਰ

Current Updates

ਬੰਗਲਾਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟਾਂ ‘ਤੇ ਭਾਰਤੀ ਝੰਡੇ ‘ਤੇ ਰੱਖਿਆ ਕਦਮ , ਗੁੱਸੇ ‘ਚ ਆਏ ਲੋਕ

Current Updates

Leave a Comment