ਮਾਨਸਾ- ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਅਤੇ ਨਸ਼ਿਆਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨ ਲਈ ਐਕਸ਼ਨ ਕਮੇਟੀ ਮਾਨਸਾ ਵੱਲੋਂ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਅਤੇ ਪੰਥਕ ਧਿਰਾਂ ਨੂੰ ਲਿਖਤੀ ਪੱਤਰ ਭੇਜੇ ਜਾਣਗੇ। ਇਨ੍ਹਾਂ ਪੱਤਰਾਂ ਰਾਹੀਂ ਵੱਖ-ਵੱਖ ਜਥੇਬੰਦੀਆਂ ਨੂੰ ਸੰਘਰਸ਼ ਵਿੱਚ ਸਰਗਰਮ ਸਹਿਯੋਗ ਦੇਣ ਅਤੇ ਸਾਂਝੇ ਯਤਨਾਂ ਨਾਲ ਅੱਗੇ ਵਧਣ ਦੀ ਅਪੀਲ ਕੀਤੀ ਜਾਵੇਗੀ। ਕਮੇਟੀ ਵੱਲੋਂ ਇਸ ਸੰਘਰਸ਼ ਨੂੰ ਸਮਾਜ ਦੇ ਹਰ ਵਰਗ ਤੱਕ ਲਿਜਾਣ ਅਤੇ ਨਸ਼ਿਆਂ ਵਿਰੁੱਧ ਵਿਆਪਕ ਲੋਕ ਲਾਮਬੰਦੀ ਉਸਾਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਅਤੇ ਪਤਨੀ ਮਨਪ੍ਰੀਤ ਕੌਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਮਾਰ ਸਮੁੱਚੇ ਸਮਾਜ ਦਾ ਸਾਂਝਾ ਸਰੋਕਾਰ ਹੈ। ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਮਿਹਨਤ ਕਰਨ ਵਾਲੇ ਕਿਸਾਨ-ਮਜ਼ਦੂਰ ਤੋਂ ਲੈ ਕੇ ਦੁਕਾਨਾਂ ’ਤੇ ਰੋਜ਼ੀ ਕਮਾਉਣ ਵਾਲੇ ਵਪਾਰੀ ਅਤੇ ਦਫ਼ਤਰਾਂ ਵਿੱਚ ਕੰਮ ਕਰਦੇ ਮੁਲਾਜ਼ਮ ਤੱਕ, ਹਰ ਕਿਸੇ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ। ਇਸ ਸਾਂਝੀ ਚਿੰਤਾ ਨੂੰ ਸਾਂਝੇ ਉਪਰਾਲੇ ਵਿੱਚ ਬਦਲਣ ਲਈ ਜਥੇਬੰਦੀਆਂ ਤੱਕ ਲਿਖਤੀ ਪਹੁੰਚ ਕੀਤੀ ਜਾਵੇਗੀ।
ਇਸੇ ਦੌਰਾਨ ਮਨਪ੍ਰੀਤ ਕੌਰ ਨੇ ਕਿਹਾ ਕਿ ਨਸ਼ਿਆਂ ਕਾਰਨ ਕਿਸੇ ਘਰ ਵਿੱਚ ਵਿਛਿਆ ਸੱਥਰ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਪੁੱਤਰ ਗੁਆਉਣ ਵਾਲੇ ਮਾਪਿਆਂ ਦਾ ਦਰਦ, ਬੱਚਿਆਂ ਦੇ ਸਿਰੋਂ ਉੱਠਦਾ ਪਿਤਾ ਦਾ ਸਾਇਆ ਅਤੇ ਪਰਿਵਾਰਾਂ ਦੀ ਟੁੱਟਦੀ ਆਸ ਸਾਨੂੰ ਸਾਂਝੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਝੋਟਾ ਦੇ ਪਰਿਵਾਰ ਨਾਲ ਖੜ੍ਹਨ ਦਾ ਅਰਥ ਨਸ਼ਿਆਂ ਦੀ ਮਾਰ ਝੱਲ ਰਹੇ ਉਨ੍ਹਾਂ ਪਰਿਵਾਰਾਂ ਦੀ ਪੀੜ ਨਾਲ ਵੀ ਜੁੜਨਾ ਹੈ, ਜਿਨ੍ਹਾਂ ਦੀ ਆਵਾਜ਼ ਅਕਸਰ ਘਰਾਂ ਦੀਆਂ ਚਾਰਦੀਵਾਰੀਆਂ ਅੰਦਰ ਹੀ ਦੱਬ ਕੇ ਰਹਿ ਜਾਂਦੀ ਹੈ। ਭੀਮ ਸਿੰਘ ਫੌਜੀ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਦੇ ਘਰਾਂ ਦੀਆਂ ਚਿੰਤਾਵਾਂ ਤੇ ਸੁਪਨੇ ਸਾਂਝੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਬੱਚੇ ਪੜ੍ਹਨ, ਖੇਡਣ, ਰੁਜ਼ਗਾਰ ਹਾਸਲ ਕਰਨ ਅਤੇ ਸੁਰੱਖਿਅਤ ਜ਼ਿੰਦਗੀ ਜਿਊਣ। ਪੰਜਾਬ ਦੇ ਪੁੱਤ ਵੀ ਬਚਣ ਅਤੇ ਮਿਹਨਤ ਨਾਲ ਚੱਲਦੇ ਕਾਰੋਬਾਰ ਵੀ ਵਧਣ-ਫੁੱਲਣ, ਇਸ ਸਾਂਝੀ ਭਾਵਨਾ ਨਾਲ ਸਾਰੀਆਂ ਧਿਰਾਂ ਨੂੰ ਜੋੜਨ ਦੀ ਲੋੜ ਹੈ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਆਪੋ-ਆਪਣੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਨਸਾਫ਼ ਦੀ ਆਵਾਜ਼ ਨਾਲ ਆਵਾਜ਼ ਮਿਲਾਉਣ ਦੀ ਅਪੀਲ ਕੀਤੀ।
ਉਧਰ ਮਨਪ੍ਰੀਤ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਸਾਰੀਆਂ ਮੰਗਾਂ ਮੰਨਣ ਦਾ ਦਾਅਵਾ ਕਰ ਰਹੇ ਹਨ, ਉਹ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਬਾਰੇ ਅਜੇ ਕੋਈ ਗੱਲ ਹੀ ਨਹੀਂ ਹੋਈ ਹੈ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਨੇ ਲੰਬੀ ਬਿਮਾਰੀ ਤੋਂ ਬਾਅਦ ਪਹਿਲੀ ਵਾਰ ਧਰਨੇ ਵਿੱਚ ਪੁੱਜ ਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਜਕੜ ਵਿੱਚੋਂ ਨਵੀਂ ਪੀੜ੍ਹੀ ਨੂੰ ਬਾਹਰ ਕੱਢਣਾ ਇਸ ਵੇਲੇ ਵੱਡੀ ਲੋੜ ਹੈ।
