ਸਿਓਲ -ਦੱਖਣੀ ਕੋਰੀਆ ਦੇ ਦੱਖਣ-ਪੱਛਮ ਵਿਚ ਮੁਆਨ ਕਾਊਂਟੀ ਵਿਚ ਅੱਜ ਸਵੇਰੇ ਮੁਆਨ ਕੌਮਾਂਤਰੀ ਹਵਾਈ ਅੱਡੇ ਉੱਤੇ ਲੈਂਡਿੰਗ ਮੌਕੇ ਜੇਜੂ ਏਅਰ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ 176 ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ਵਿਚ ਅਮਲੇ ਸਣੇ 181 ਵਿਅਕਤੀ ਸਵਾਰ ਸਨ। ਉਧਰ ਖ਼ਬਰ ਏਜੰਸੀ ਆਈਏਐੱਨਐੱਸ ਨੇ ਹਾਦਸੇ ਵਿਚ 179 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਹੈ।ਲੈਂਡਿੰਗ ਮਗਰੋਂ ਜਹਾਜ਼ ਰਨਵੇਅ ਤੋਂ ਤਿਲਕ ਕੇ ਇਕ ਬੈਰੀਅਰ (ਕੰਧ) ਨਾਲ ਜਾ ਟਕਰਾਇਆ ਤੇ ਇਸ ਨੂੰ ਅੱਗ ਲੱਗ ਗਈ। ਹਾਦਸਾ ਸਵੇਰੇ 9:07 ਵਜੇ ਦੇ ਕਰੀਬ ਹੋਇਆ। ਮੁਆਨ ਕਾਊਂਟੀ ਸਿਓਲ ਤੋਂ 280 ਕਿਲੋਮੀਟਰ ਦੱਖਣ-ਪੱਛਮ ਵਿਚ ਹੈ। ਦੇਸ਼ ਦੇ ਹੰਗਾਮੀ ਹਾਲਾਤ ਬਾਰੇ ਦਫ਼ਤਰ ਨੇ ਕਿਹਾ ਕਿ ਜਹਾਜ਼ ਦਾ ਲੈਂਡਿੰਗ ਗਿਅਰ ਖਰਾਬ ਹੋ ਗਿਆ ਸੀ।