April 9, 2025
ਖਾਸ ਖ਼ਬਰਪੰਜਾਬ

ਡੇਰਾ ਰਾਧਾਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਜਥੇਦਾਰ ਹਰਪ੍ਰੀਤ ਸਿੰਘ ਦਰਮਿਆਨ ‘ਗੁਪਤ ਮੁਲਾਕਾਤ’

ਡੇਰਾ ਰਾਧਾਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਜਥੇਦਾਰ ਹਰਪ੍ਰੀਤ ਸਿੰਘ ਦਰਮਿਆਨ ‘ਗੁਪਤ ਮੁਲਾਕਾਤ’

ਬਠਿੰਡਾ-  ਡੇਰਾ ਰਾਧਾਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀਰਵਾਰ ਨੂੰ ਇਥੇ ਇੱਕ ਘੰਟੇ ਤੋਂ ਵੱਧ ਸਮਾਂ ਆਪਸ ਵਿੱਚ ਗੱਲਬਾਤ ਹੋਈ। ਜਥੇਦਾਰ ਹਰਪ੍ਰੀਤ ਸਿੰਘ ਦੀ ਸਥਾਨਕ ਬਰਨਾਲਾ ਰੋਡ ’ਤੇ ਸਥਿਤ ਰਿਹਾਇਸ਼ਗਾਹ ’ਤੇ ਹੋਈ ਇਹ ਗ਼ੁਫ਼ਤਗੂ ਇੰਨੀ ਗੁਪਤ ਸੀ ਕਿ ਦੋਵੇਂ ਧਿਰਾਂ ਵੱਲੋਂ ਇਸ ਬਾਰੇ ਖ਼ਾਮੋਸ਼ੀ ਧਾਰਨ ਕੀਤੀ ਹੋਈ ਹੈ।

ਜਾਣਕਾਰੀ ਅਨੁਸਾਰ ਡੇਰਾ ਮੁਖੀ ਦਾ ਬਠਿੰਡਾ-ਗੋਨਿਆਣਾ ਮਾਰਗ ’ਤੇ ਸਥਿਤ ਸਥਾਨਕ ਡੇਰਾ ਰਾਧਾਸੁਆਮੀ ਵਿੱਚ ਆਉਣ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ। ਉਨ੍ਹਾਂ ਦਾ ਹੈਲੀਕਾਪਟਰ ਇੱਥੇ ਥਰਮਲ ਕਲੋਨੀ ਵਿੱਚ ਬਣੇ ਅਸਥਾਈ ਹੈਲੀਪੈਡ ’ਤੇ ਉਤਰਿਆ ਅਤੇ ਇੱਥੋਂ ਉਹ ਕਾਰ ਰਾਹੀਂ ਜਥੇਦਾਰ ਸਾਹਿਬ ਦੀ ਰਿਹਾਇਸ਼ ’ਤੇ ਚਲੇ ਗਏ। ਪਤਾ ਲੱਗਾ ਹੈ ਕਿ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਵੀ ਇਸ ਮੌਕੇ ਉਥੇ ਪਹੁੰਚ ਗਏ। ਘਰ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਪ੍ਰਬੰਧ ਹੋਣ ਕਰ ਕੇ ਮੀਡੀਆ ਕਰਮੀਆਂ ਨੂੰ ਘਰ ਤੋਂ ਦੂਰ ਹੀ ਰੱਖਿਆ ਗਿਆ।

ਗੌਰਤਲਬ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਕਥਿਤ ਸਾਂਢੂ ਵੱਲੋਂ ਉਨ੍ਹਾਂ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਦੇ ਸਬੰਧ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਉਨ੍ਹਾਂ ਦੀਆਂ ਜਥੇਦਾਰ ਵਜੋਂ ਸੇਵਾਵਾਂ ’ਤੇ 15 ਦਿਨਾਂ ਲਈ ਰੋਕ ਲਾਈ ਹੋਈ ਹੈ। ਉਂਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਤੋਂ ਲੈ ਕੇ ਤਨਖ਼ਾਹ ਲਾਉਣ ਤੱਕ ਦੇ ਵੱਖ-ਵੱਖ ਪੜਾਵਾਂ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਬਾਰੇ ਅਸਿੱਧੇ ਰੂਪ ’ਚ ਕਈ ਤਰ੍ਹਾਂ ਦੇ ‘ਕਿੰਤੂ-ਪ੍ਰੰਤੂ’ ਹੁੰਦੇ ਆ ਰਹੇ ਹਨ।
ਇੱਕ ਸਮਾਂ ਅਜਿਹਾ ਵੀ ਆਇਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ’ਚ ਫੌਰੀ ਲਏ ਸਟੈਂਡ ਕਾਰਨ ਸ਼੍ਰੋਮਣੀ ਕਮੇਟੀ ਨੇ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਸੀ। ਵਰਤਮਾਨ ਦੌਰ ’ਚ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਵੀ ਉਨ੍ਹਾਂ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ 30 ਦਸੰਬਰ ਨੂੰ ਸੱਦੀ ਹੋਈ ਹੈ।

ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਦੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਨੇੜਤਾ ਵੀ ਲੁਕੀ ਛਿਪੀ ਨਹੀਂ। ਉਨ੍ਹਾਂ ਦੀਆਂ ਦੋਵਾਂ ਹੀ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨਾਲ ‘ਮਿਲਣੀਆਂ’ ਧਾਰਮਿਕ ਅਤੇ ਸਿਆਸੀ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ।

ਅੱਜ ਦੀ ਮਿਲਣੀ ਧਾਰਮਿਕ, ਰਾਜਸੀ ਜਾਂ ਫਿਰ ਨਿੱਜੀ ਹੋਣ ਬਾਰੇ ਕਿਆਸਰਾਈਆਂ ਇੱਕ ਵਾਰ ਫਿਰ ਜ਼ੋਰ ਫੜ ਗਈਆਂ ਹਨ।

Related posts

ਸਰਕਾਰ ਨੇ ਲੈਪਟਾਪ, ਟੈਬਲੇਟ, ਪ੍ਰਸਨਲ ਕੰਪਿਊਟਰ ਅਤੇ ਸਰਵਰਾਂ ਦੀ ਦਰਾਮਦ ’ਤੇ ਰੋਕ ਲਗਾਈ

Current Updates

ਲੈਮਰਿਨ ਟੈੱਕ ਯੂਨੀਵਰਸਿਟੀ ’ਚ ਕੌਮੀ ਸੰਮੇਲਨ ਅਗਲੇ ਮਹੀਨੇ

Current Updates

ਚੰਡੀਗੜ੍ਹ ਨਗ਼ਦੀ ਮਾਮਲਾ: ਸਾਬਕਾ ਜਸਟਿਸ ਨਿਰਮਲ ਯਾਦਵ ਬਰੀ

Current Updates

Leave a Comment