ਨਵੀਂ ਦਿੱਲੀ: ਅਮਰੀਕਾ ਵਿਚ ਕਥਿਤ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਉਦਯੋਗਪਤੀ ਗੌਤਮ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਅਮਰੀਕੀ ਵਕੀਲਾਂ ਵੱਲੋਂ ਅਡਾਨੀ ਅਤੇ ਸਹਿਯੋਗੀਆਂ ’ਤੇ ਭਾਰਤੀ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੇ ਦੋਸ਼ਾਂ ਤੋਂ ਬਾਅਦ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਕਾਰੋਬਾਰੀ ਨੇ ਭਾਰਤੀ ਅਤੇ ਅਮਰੀਕੀ ਕਾਨੂੰਨਾਂ ਨੂੰ ਤੋੜਿਆ ਹੈ।
ਉਧਰ ਇਸ ਸਬੰਧੀ ਅਡਾਨੀ ਸਮੂਹ ਨੇ ਅਜੇ ਤੱਕ ਦੋਸ਼ਾਂ ’ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਏਕ ਹੈਂ ਸੇ ਸੇਫ ਹੈਂ’ ਨਾਅਰੇ ’ਤੇ ਤਨਜ ਕਸਦਿਆਂ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਅਤੇ ਅਡਾਨੀ ਇਕੱਠੇ ਹਨ, ਉਹ ਭਾਰਤ ‘ਚ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ । ਇਸ ਤੋਂ ਇਲਾਵਾ ਉਸਦੀ ਰੱਖਿਅਕ ਅਤੇ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੂੰ ਜਾਂਚ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਉਹ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਇਹ ਮੁੱਦਾ ਉਠਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੀ ਸਾਂਝੀ ਸੰਸਦੀ ਕਮੇਟੀ ਜਾਂਚ ਦੀ ਮੰਗ ਹੈ। ਗਾਂਧੀ ਨੇ ਦੋਸ਼ ਲਾਉਂਦਿਆਂ ਕਿਹਾ, “ਮੈਂ ਗਾਰੰਟੀ ਦੇ ਸਕਦਾ ਹਾਂ ਕਿ ਭਾਰਤ ਵਿੱਚ ਅਡਾਨੀ ਨੂੰ ਗ੍ਰਿਫ਼ਤਾਰ ਜਾਂ ਜਾਂਚ ਨਹੀਂ ਕੀਤੀ ਜਾਵੇਗੀ ਕਿਉਂਕਿ ਮੋਦੀ ਸਰਕਾਰ ਉਸ ਦੀ ਸੁਰੱਖਿਆ ਕਰ ਰਹੀ ਹੈ।” ਉਨ੍ਹਾਂ ਕਿਹਾ ਕਿ ਜਾਂਚ ਵਿੱਚ ਸਾਰੇ ਰਾਜ ਸ਼ਾਮਲ ਹੋਣੇ ਚਾਹੀਦੇ ਹਨ, ਚਾਹੇ ਕੋਈ ਵੀ ਪਾਰਟੀ ਸੱਤਾ ਵਿੱਚ ਹੋਵੇ।
ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 11 ਉਮੀਦਵਾਰਾਂ ਦਾ ਐਲਾਨ
ਨਵੀਂ ਦਿੱਲੀ, 21 ਨਵੰਬਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਵੱਲੋਂ 11 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ 6 ਉਮੀਦਵਾਰ ਭਾਜਪਾ ਅਤੇ ਕਾਂਗਰਸ ਪਾਰਟੀ ਛੱਡ ਕੇ ਆਏ ਹਨ।
ਪਹਿਲੀ ਸੂਚੀ ਵਿਚ ਅਲਾਨੇ ਗਏ ਉਮੀਦਵਾਰਾਂ ਵਿੱਚ ਬ੍ਰਹਮਾ ਸਿੰਘ ਤੰਵਰ ਨੂੰ ਹਲਕਾ ਛਤਰਪੁਰ, ਅਨਿਲ ਝਾਅ ਨੂੰ ਹਲਕਾ ਕਿਰਾੜੀ ਤੋਂ, ਦੀਪਕ ਸਿੰਗਲਾ ਵਿਸ਼ਵਾਸ ਨਗਰ ਅਤੇ ਸਰਿਤਾ ਸਿੰਘ ਰੋਹਤਾਸ ਨਗਰ ਤੋਂ ਚੋਣ ਲੜਨਗੇ। ਇਸਦੇ ਨਾਲ ਹੀ ਬੀਬੀ ਤਿਆਗੀ ਨੂੰ ਲਕਸ਼ਮੀ ਨਗਰ ਅਤੇ ਰਾਮ ਸਿੰਘ ਨੇਤਾਜੀ ਨੂੰ ਹਲਕਾ ਬਦਰਪੁਰ, ਜ਼ੁਬੈਰ ਚੌਧਰੀ ਨੂੰ ਹਲਕਾ ਸੀਲਮਪੁਰ ਅਤੇ ਹਲਕਾ ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ, ਗੌਰਵ ਸ਼ਰਮਾ ਹਲਕਾ ਘੋਂਡਾ, ਕਰਾਵਲ ਨਗਰ ਤੋਂ ਮਨੋਜ ਤਿਆਗੀ ਅਤੇ ਸੋਮੇਸ਼ ਸ਼ੌਕੀਨ ਨੂੰ ਹਲਕਾ ਮਟਿਆਲਾ ਤੋਂ ‘ਆਪ’ ਦੇ ਉਮੀਦਵਾਰ ਬਣਾਇਆ ਗਿਆ ਹੈ l