ਪਟਿਆਲਾ। ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰਯੂ, ਆਈਐਫ਼ਐਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਅੰਤਰਰਾਸ਼ਟਰੀ ਬਾਘ ਦਿਵਸ ਮੌਕੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਨੂੰ ਸਮਰਪਿਤ ਇਸ ਸਮਾਰੋਹ ਦਾ ਆਯੋਜਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਵਿਖੇ ਕੀਤਾ ਗਿਆ। ਇਸ ਮੌਕੇ ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਬਤੌਰ ਮੁੱਖ ਮਹਿਮਾਨ ਪਧਾਰੇ, ਜਦਕਿ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਜਿਲਾ ਫੁੱਟਬਾਲ ਕੋਚ ਅਤੇ ਪ੍ਰਸਿੱਧ ਵਾਤਾਵਰਣ ਸੇਵੀ ਇੰਦਰਜੀਤ ਸਿੰਘ ਵਿਸ਼ੇਸ ਮਹਿਮਾਨ ਵਜੋੰ ਸ਼ਾਮਲ ਹੋਏ।
ਵਣ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਬਾਘ ਦਿਵਸ ਦੀ ਪਿਛੋਕੜ ਅਤੇ ਕੁਦਰਤੀ ਚੱਕਰ ਵਿੱਚ ਬਾਘ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਨਰਿੰਦਰ ਕੌਰ ਨੇ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਸਕੂਲ ਵਿੱਚ ਅੰਤਰਰਾਸ਼ਟਰੀ ਬਾਘ ਦਿਵਸ ਦੇ ਆਯੋਜਨ ਲਈ ਧੰਨਵਾਦ ਕੀਤਾ। ਵਣ ਬੀਟ ਅਫ਼ਸਰ ਅਮਨ ਅਰੋੜਾ ਨੇ ਵਾਤਾਵਰਣ ਸੰਭਾਲ ਸੰਬੰਧੀ ਨੁਕਤੇ ਸਾਂਝੇ ਕੀਤੇ। ਜਿਲਾ ਫੁੱਟਬਾਲ ਕੋਚ ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਹਵਾਲੇ ਨਾਲ ਚੰਗੇ ਵਾਤਾਵਰਣ ਅਤੇ ਚੰਗੀ ਸਿਹਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥਣਾਂ ਦਾ ਪੇਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਮੁਕਾਬਲੇ ਦੇ ਸੀਨੀਅਰ ਵਰਗ ਵਿੱਚ ਨਿਕਾਂਸ਼ੂ ਨੇ ਪਹਿਲਾ, ਸੀਰਤ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਜਸ਼ਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ। ਕ੍ਰਿਸ਼ਟੀ ਨੇ ਦੂਜਾ ਅਤੇ ਰਿਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਅਧਿਆਪਕ ਅਸ਼ਵਨੀ ਕੁਮਾਰ ਨੇ ਬਾਖੂਬੀ ਮੰਚ ਸੰਚਾਲਨ ਕੀਤਾ।