ਨਵੀਂ ਦਿੱਲੀ-ਕਾਂਗਰਸ ਨੇ ਭਾਰਤ-ਚੀਨ ਸਬੰਧਾਂ ਬਾਰੇ ਸੰਸਦ ਵਿੱਚ ਦਿੱਤੇ ਗਏ ਬਿਆਨ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਅੱਜ ਮੰਗ ਕੀਤੀ ਕਿ ਸੰਸਦ ਨੂੰ ਦੋਵੇਂ ਦੇਸ਼ਾਂ ਵਿਚਾਲੇ ਸਬੰਧਾਂ ਦੇ ਸੰਪੂਰਨ ਹਾਲਾਤ ਬਾਰੇ ਚਰਚਾ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਕਾਂਗਰਸ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਪਰੈਲ 2020 ਤੋਂ ਪਹਿਲਾਂ ਦੀ ‘ਪੁਰਾਣੀ ਆਮ ਸਥਿਤੀ’ ਦੀ ਜਗ੍ਹਾ ‘ਨਵੀਂ ਆਮ ਸਥਿਤੀ’ ਉੱਤੇ ਸਹਿਮਤ ਹੋ ਗਈ ਹੈ।
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ-ਚੀਨ ਸਬੰਧਾਂ ’ਤੇ ਸੰਸਦ ਵਿੱਚ ਚਰਚਾ ਰਣਨੀਤਕ ਤੇ ਆਰਥਿਕ ਨੀਤੀ ਦੋਹਾਂ ’ਤੇ ਕੇਂਦਰਿਤ ਹੋਣੀ ਚਾਹੀਦੀ ਹੈ, ਖ਼ਾਸ ਕਰ ਕੇ, ਇਸ ਵਾਸਤੇ ਕਿਉਂਕਿ ਚੀਨ ’ਤੇ ਦੇਸ਼ ਦੀ ਨਿਰਭਰਤਾ ਆਰਥਿਕ ਤੌਰ ’ਤੇ ਵਧ ਗਈ ਹੈ, ਜਦਕਿ ਉਸ ਨੇ ਚਾਰ ਸਾਲ ਪਹਿਲਾਂ ਸਾਡੀਆਂ ਸਰਹੱਦਾਂ ’ਤੇ ਸਟੇਟਸ ਕੋਅ ਨੂੰ ਇਕਪਾਸੜ ਤੌਰ ’ਤੇ ਬਦਲ ਦਿੱਤਾ ਸੀ।
ਰਮੇਸ਼ ਨੇ ਇਕ ਬਿਆਨ ਵਿੱਚ ਕਿਹਾ ਕਿ ਕਾਂਗਰਸ ਨੇ ਸੰਸਦ ਦੇ ਦੋਵੇਂ ਸਦਨਾਂ ਵਿੱਚ ‘ਚੀਨ ਨਾਲ ਭਾਰਤ ਦੇ ਸਬੰਧਾਂ ਵਿੱਚ ਹਾਲ ਦੇ ਘਟਨਾਕ੍ਰਮ’ ਸਿਰਲੇਖ ਨਾਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਹਾਲ ’ਚ ਆਪਣੇ ਵੱਲੋਂ ਦਿੱਤੇ ਗਏ ਬਿਆਨ ਦਾ ਅਧਿਐਨ ਕੀਤਾ ਹੈ।