-ਸਬਜ਼ੀ ਮੰਡੀ ਵਿਖੇ ਮੁਫ਼ਤ ਮੈਡੀਕਲ ਕੈਂਪ ਆਯੋਜਿਤ
-ਵਿਨੋਦ ਬਾਲੀ ਵੱਲੋਂ ਗਿਵ ਇੰਡੀਆ ਅਤੇ ਹੈਲਪ ਏਜ ਇੰਡੀਆ ਦੇ ਸਹਿਯੋਗ ਨਾਲ ਕੀਤਾ ਗਿਆ ਆਯੋਜਨ
ਪਟਿਆਲਾ:ਗਰੀਬ ਦੀ ਮਦਦ ਕਰਨਾ ਸੱਚੀ ਇਬਾਦਤ ਹੈ। ਪਰੋਪਕਾਰੀ ਵਿਅਕਤੀ ਲੋਕ ਅਤੇ ਪਰਲੋਕ ਦੋਵੇੰ ਥਾਵਾਂ ਤੇ ਸਨਮਾਨ ਪਾਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਮੀਤ ਸਿੰਘ ਪਠਾਨਮਾਜਰਾ ਐਮਐਲਏ ਹਲਕਾ ਸਨੌਰ ਨੇ ਕੀਤਾ। ਉਹ ਸਬਜ਼ੀ ਮੰਡੀ ਪਟਿਆਲਾ ਵਿਖੇ ਆਯੋਜਿਤ ਮੁਫਤ ਮੈਡੀਕਲ ਕੈਂਪ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਕੈਂਪ ਦਾ ਆਯੋਜਨ ਸਮਾਜ ਸੇਵੀ ਅਤੇ ਫਲ ਵਪਾਰੀ ਵਿਨੋਦ ਬਾਲੀ ਵੱਲੋਂ ਗਿਵ ਇੰਡੀਆ ਅਤੇ ਹੈਲਪਏਜ ਇੰਡੀਆ ਦੇ ਸਹਿਯੋਗ ਨਾਲ ਕੀਤਾ ਗਿਆ। ਕੈਂਪ ਦੀ ਪ੍ਰਧਾਨਗੀ ਬਿਰਧ ਆਸ਼ਰਮ ਰੌਂਗਲਾ ਦੇ ਪ੍ਰਬੰਧਕ ਲਖਵਿੰਦਰ ਸਰੀਨ ਨੇ ਕੀਤੀ, ਜਦਕਿ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਢੋਟ, ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਜਰਨਲ ਸਕੱਤਰ ਜਰਨੈਲ ਸਿੰਘ ਰਾਜਪੂਤ ਅਤੇ ਸਾਬਕਾ ਐਮਸੀ ਦਲਜੀਤ ਸਿੰਘ ਚਹਿਲ ਵਿਸ਼ੇਸ ਮਹਿਮਾਨਾਂ ਵਜੋਂ ਪਧਾਰੇ।
ਸ੍ਰੀ ਪਠਾਨਮਾਜਰਾ ਨੇ ਕੈਂਪ ਦੇ ਸਫ਼ਲ ਆਯੋਜਨ ਲਈ ਵਿਨੋਦ ਬਾਲੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਸਮਾਜ ਸੇਵਾ ਦੇ ਹੋਰ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ। ਵਿਨੋਦ ਬਾਲੀ ਨੇ ਦੱਸਿਆ ਕਿ ਮੰਡੀ ਵਿੱਚ ਕੰਮ ਕਰਦੀ ਲੇਬਰ ਅਤੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਲਾਭ ਪਹੁੰਚਾਉਣ ਹਿੱਤ ਉਨ੍ਹਾਂ ਨੇ ਆਪਣੇ ਸਾਥੀਆਂ ਸੋਮਨਾਥ ਆਜ਼ਾਦ, ਅਭਿਸ਼ੇਕ ਸਾਹਨੀ ਅਤੇ ਰਵਿਕਾਂਤ ਸੈਣੀ ਨਾਲ ਮਿਲਕੇ ਇਹ ਉਪਰਾਲਾ ਕੀਤਾ। ਸ੍ਰੀ ਬਾਲੀ ਨੇ ਕੈਂਪ ਦੇ ਆਯੋਜਨ ਵਿੱਚ ਯੋਗਦਾਨ ਦੇਣ ਲਈ ਗਿਵ ਇੰਡੀਆ, ਹੈਲਪਏਜ ਇੰਡੀਆ, ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਅਤੇ ਮਾਰਕਿਟ ਕਮੇਟੀ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਵਿਸ਼ੇਸ ਮਹਿਮਾਨਾਂ ਅਮਨਦੀਪ ਸਿੰਘ ਢੋਟ, ਦਲਜੀਤ ਸਿੰਘ ਚਹਿਲ, ਜਰਨੈਲ ਸਿੰਘ ਰਾਜਪੂਤ ਅਤੇ ਲਖਵਿੰਦਰ ਸਰੀਨ ਨੇ ਆਪਣੇ ਸੰਬੋਧਨ ਦੌਰਾਨ ਵਿਨੋਦ ਬਾਲੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ। ਮੁਲਾਜ਼ਮ ਆਗੂ ਅਮਨ ਅਰੋੜਾ ਨੇ ਮੰਚ ਸੰਚਾਲਨ ਕੀਤਾ।
ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 300 ਤੋਂ ਵੱਧ ਲੋੜਵੰਦ ਮਰੀਜ਼ਾਂ ਦਾ ਮੈਡੀਕਲ ਚੈਕਅਪ ਕੀਤਾ ਗਿਆ। ਡਾਕਟਰਾਂ ਦੀ ਟੀਮ ਡਾ. ਪ੍ਰਿਯਾਂਸ਼ ਕੰਬੋਜ, ਡਾ. ਗੁਰਅਸੀਸ ਸਿੰਘ, ਡਾ. ਗੁਰਸੇਵਕ ਸਿੰਘ, ਡਾ. ਅਮਰ ਅਤੇ ਹੋਰ ਸ਼ਾਮਲ ਸਨ। ਇਸ ਤੋਂ ਇਲਾਵਾ ਡਾ. ਦੀਪਿਇੰਦਰ ਸਿੰਘ ਅਤੇ ਡਾ. ਨਿਧੀ ਅਗਰਵਾਲ ਦੀ ਟੀਮ ਵੀ ਕੈਂਪ ਵਿੱਚ ਪਹੁੰਚੀ। ਡਾਕਟਰਾਂ ਵੱਲੋਂ ਅੱਖਾਂ, ਦਿਮਾਗ, ਹੱਡੀਆਂ ਅਤੇ ਆਮ ਰੋਗਾਂ ਦਾ ਇਲਾਜ ਕੀਤਾ ਗਿਆ। ਕੈਂਪ ਦੌਰਾਨ ਮਰੀਜਾਂ ਦੇ ਮੁਫਤ ਬਲੱਡ ਟੈਸਟ ਕੀਤੇ ਗਏ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯੁਵਰਾਜ ਸਿੰਘ ਸਨੌਰ, ਕਰਮਜੀਤ ਸਿੰਘ ਸਨੌਰ, ਪਬਲਿਕ ਹੈਲਪ ਫਾਉਂਡੇਸ਼ਨ ਦੇ ਪ੍ਰਧਾਨ ਮੱਘਰ ਸਿੰਘ ਮੱਟੂ, ਜਨਰਲ ਸਕੱਤਰ ਰਵਿੰਦਰ ਰਵੀ, ਸਕੱਤਰ ਰਜਿੰਦਰ ਸਹੋਤਾ, ਮੰਡੀ ਸੁਪਰਵਾਈਜ਼ਰ ਸੁਰਿੰਦਰ ਸਿੰਘ ਸੰਧੂ, ਆਕਸ਼ਨ ਰਿਕਾਰਡਰ ਸੌਰਭ ਬੱਤਾ, ਨਰਿੰਦਰ ਕੁਮਾਰ ਨੋਨਾ, ਯਾਦਵਿੰਦਰ ਸਿੰਘ, ਹਰਮਿਹਰ ਬਧਵਾਰ, ਰਵਿੰਦਰ ਭੋਲਾ, ਨਿਸਾਰ ਖਾਨ, ਸੰਨੀ ਯਾਦਵ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।