ਪਟਿਆਲਾ। ਪੰਜਾਬੀ ਭਾਸ਼ਾ, ਸੱਭਿਆਚਾਰ, ਲੋਕਧਾਰਾ ਅਤੇ ਵਿਰਾਸਤ ਦੇ ਨਾਮਵਰ ਵਿਦਵਾਨ ਲੇਖਕ, ਆਲੋਚਕ, ਸਿੱਖਿਆ ਸ਼ਾਸਤਰੀ ਅਤੇ ਚਿੰਤਕ ਡਾ. ਸੁਰਜੀਤ ਸਿੰਘ ਲੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ 23 ਅਪ੍ਰੈਲ ਦਿਨ ਐਤਵਾਰ ਨੂੰ ਹੋਵੇਗਾ। ਸਮਾਗਮ ਪਟਿਆਲਾ-ਰਾਜਪੁਰਾ ਰੋਡ ਸਥਿਤ ਪਾਮ ਕੋਰਟ ਪੈਲੇਸ ਵਿਖੇ ਸਵੇਰੇ 11 ਵਜੇ ਸ਼ੁਰੂ ਹੋਵੋਗਾ।
ਡਾ. ਲੀ ਦੀ ਬੀਤੀ 16 ਅਪ੍ਰੈਲ ਨੂੰ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਜਾਣ ਮਗਰੋਂ ਪਰਿਵਾਰ ਵਿੱਚ ਪਤਨੀ ਡਾ. ਹਰਿੰਦਰ ਕੌਰ ਸੋਹੀ ਅਤੇ ਬੇਟੀਆਂ ਸ਼ਾਹੀਨਾ ਸੋਹੀ ਅਤੇ ਨੀਲੋਫ਼ਰ ਸੋਹੀ ਰਹਿ ਗਏ ਹਨ।
ਦੱਸਣਯੋਗ ਹੈ ਕਿ ਪ੍ਰੋ. ਲੀ ਪੰਜਾਬੀ ਯੂਨੀਵਰਸਿਟੀ ਦੇ ਮਾਨਵ ਵਿਗਿਆਨਿਕ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਵਿਭਾਗ ਦੇ ਸਾਬਕਾ ਮੁੱਖੀ ਅਤੇ ਪ੍ਰੋਫੈਸਰ ਸਨ। ਆਪਣੀ ਕਿਤਾਬ ‘ਓਰਲ ਟਰਡੀਸ਼ਨ ਐਂਡ ਕਲਚਰਲ ਹੈਰੀਟੇਜ ਆਫ਼ ਪੰਜਾਬ’ ਰਾਹੀਂ ਉਨ੍ਹਾਂ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਅਤੇ ਲੋਕ ਸਾਹਿਤ ਵਿੱਚ ਮੌਖਿਕ ਪਰੰਪਰਾ ਦੇ ਯੋਗਦਾਨ ਨੂੰ ਉਭਾਰਿਆ। ਉਹ ਪੰਜਾਬ ਦੇ ਸਾਹਿਤ ਅਤੇ ਸਿੱਖਿਆ ਜਗਤ ਵਿੱਚ ਮਸ਼ਹੂਰ ‘ਭੂਤਵਾੜਾ’ ਦੇ ਮੁੱਢਲੇ ਮੈਂਬਰਾਂ ਚੋਂ ਸਨ। ਜਮਹੂਰੀ ਅਧਿਕਾਰ ਸਭਾ, ਪੰਜਾਬ ਲੋਕ ਸੱਭਿਆਚਾਰਕ ਮੰਚ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਸਮੇਤ ਅਨੇਕ ਸੰਸਥਾਵਾਂ ਨਾਲ ਜੁੜੇ ਪ੍ਰੋ. ਲੀ ਹਮੇਸ਼ਾ ਪੰਜਾਬੀ ਭਾਸ਼ਾ ਅਤੇ ਲੋਕ ਹਿਤਾਂ ਦੇ ਪੈਰੋਕਾਰ ਰਹੇ। ਵਿਦਿਆਰਥੀ ਲਹਿਰ, ਮਾਰਕਸਵਾਦੀ ਚਿੰਤਨ, ਪੰਜਾਬੀ ਭਾਸ਼ਾ, ਪੰਜਾਬ ਦੀ ਲੋਕਧਾਰਾ ਅਤੇ ਵਿਰਾਸਤ ਦੇ ਖੇਤਰ ਵਿੱਚ ਇੱਕ ਖੋਜੀ ਕਾਮੇ ਦੇ ਤੌਰ ਪ੍ਰੋ. ਲੀ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਸੱਤਵੇਂ ਦਹਾਕੇ ਦੌਰਾਨ ਪੰਜਾਬ ਦੀ ਵਿਦਿਆਰਥੀ ਲਹਿਰ ਦੌਰਾਨ ਉਨ੍ਹਾਂ ਮੂਹਰਲੀਆਂ ਸਫ਼ਾ ਵਿੱਚ ਭੂਮਿਕਾ ਨਿਭਾਈ। ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਸੇਵਾਕਾਲ ਦੌਰਾਨ ਉਹ ਆਪਣੇ ਵਿਦਿਆਰਥੀਆਂ ਦੇ ਨਾਲ-ਨਾਲ ਪੂਰੀ ਯੂਨੀਵਰਸਿਟੀ ਵਿੱਚ ਹਰਮਨ ਪਿਆਰੇ ਰਹੇ।
ਮਾਤਾ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਦੇ ਸੰਯੋਜਕ ਗੁਰਮਿੰਦਰ ਸਮਦ ਅਤੇ ਸਹਿਸੰਯੋਜਕ ਅਮਨ ਅਰੋੜਾ ਨੇ ਕਿਹਾ ਕਿ ਡਾ. ਲੀ ਦੇ ਤੁਰ ਜਾਣ ਨਾਲ ਬੌਧਿਕਤਾ, ਵਿਚਾਰ ਅਤੇ ਗਿਆਨ ਦਾ ਇੱਕ ਵੱਗਦਾ ਦਰਿਆ ਸੁੱਕ ਗਿਆ ਹੈ।
previous post