ਜੈਤੋ- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਜਦੋਂ ਹਲਕਾ ਜੈਤੋ ਵਿੱਚ ਪਹੁੰਚੀ ਤਾਂ ਸਾਈਕਲ ਦੇ ਪਹੀਆਂ ਨਾਲੋਂ ਕਾਂਗਰਸ ਦੀ ਅੰਦਰੂਨੀ ਸਿਆਸਤ ਵੱਧ ਘੁੰਮਦੀ ਨਜ਼ਰ ਆਈ। ਪਾਰਟੀ ਦੇ ਕਈ ਧੜੇ ਆਪੋ-ਆਪਣੇ ਸਿਆਸੀ ਪੈਡਲ ਮਾਰਦੇ ਦਿਖਾਈ ਦਿੱਤੇ, ਜਦਕਿ ਵੜਿੰਗ ਧੜਾ ਪੂਰੀ ਤਰ੍ਹਾਂ ਨਦਾਰਦ ਰਿਹਾ। ਭਾਵੇਂ ਸਥਾਨਕ ਆਗੂਆਂ ਨੇ ਗ਼ੈਰਹਾਜ਼ਰੀ ਦੇ ਵੱਖ-ਵੱਖ ਕਾਰਨ ਦੱਸੇ, ਪਰ ਸਿਆਸੀ ਹਲਕਿਆਂ ਵਿੱਚ ਇਸ ਨੂੰ ਮਹਿਜ਼ ਇਤਫ਼ਾਕ ਦੀ ਥਾਂ ਸੋਚੀ-ਸਮਝੀ ਦੂਰੀ ਵਜੋਂ ਦੇਖਿਆ ਜਾ ਰਿਹਾ ਹੈ।
2015 ਦੀਆਂ ਬੇਅਦਬੀ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਕਾਰਨ ਕੌਮੀ ਪੱਧਰ ’ਤੇ ਚਰਚਾ ਵਿੱਚ ਆਏ ਬਰਗਾੜੀ ਤੇ ਬਹਿਬਲ ਕਲਾਂ ਸਮੇਤ ਕਈ ਪਿੰਡਾਂ ਵਿੱਚੋਂ ਲੰਘੀ ਯਾਤਰਾ ਦੌਰਾਨ ਚੰਨੀ ਨਾਲ ਸਾਬਕਾ ਸੰਸਦ ਮੈਂਬਰ ਤੇ ਵਿਧਾਇਕ ਮੁਹੰਮਦ ਸਦੀਕ ਆਪਣੇ ਸਮਰਥਕਾਂ ਸਮੇਤ ਮੌਜੂਦ ਸਨ। 2017 ਵਿੱਚ ਜੈਤੋ ਤੋਂ ਵਿਧਾਨ ਸਭਾ ਚੋਣ ਹਾਰਨ ਵਾਲੇ ਸਦੀਕ 2019 ਵਿੱਚ ਫ਼ਰੀਦਕੋਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। 2017 ਤੋਂ 2022 ਤੱਕ ਉਹ ਜੈਤੋ ਦੇ ਪਾਰਟੀ ਇੰਚਾਰਜ ਵੀ ਰਹੇ। 2022 ਵਿੱਚ ਜੈਤੋ ਤੋਂ ਹਾਰੇ ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਢਿੱਲਵਾਂ ਵੀ ਯਾਤਰਾ ਵਿੱਚ ਮੋਹਰੀ ਰਹੇ।
ਦਿਲਚਸਪ ਗੱਲ ਇਹ ਹੈ ਕਿ ਸਦੀਕ ਅਤੇ ਢਿੱਲਵਾਂ ਦੋਵੇਂ 2027 ਦੀ ਟਿਕਟ ਦੇ ਦਾਅਵੇਦਾਰ ਹਨ। ਤੀਜੇ ਦਾਅਵੇਦਾਰ ਸਾਬਕਾ ਬੱਲੂਆਣਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਅਤੇ ਉਨ੍ਹਾਂ ਦਾ ਸਮਰਥਕ ਗੁੱਟ ਯਾਤਰਾ ਤੋਂ ਦੂਰ ਰਿਹਾ। ਭੱਟੀ ਨੇ ਇਸ ਦਾ ਕਾਰਨ ਨਿੱਜੀ ਰੁਝੇਵੇਂ ਦੱਸਿਆ। ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਦੀ ਗ਼ੈਰਹਾਜ਼ਰੀ ਵੀ ਚਰਚਾ ਵਿੱਚ ਰਹੀ। ਉਨ੍ਹਾਂ ਸਿਹਤ ਠੀਕ ਨਾ ਹੋਣ ਨੂੰ ਵਜ੍ਹਾ ਦੱਸਿਆ।
ਸਾਬਕਾ ਪੀ.ਪੀ.ਸੀ.ਸੀ. ਮੈਂਬਰ ਮਿਹਰ ਸਿੰਘ ਕਰੀਰਵਾਲੀ ਅਤੇ ਜ਼ਿਲ੍ਹਾ ਕਾਂਗਰਸ ਫ਼ਰੀਦਕੋਟ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੇਖੋਂ ਨੇ ਵੀ ਸੱਦਾ ਨਾ ਮਿਲਣ ਦੀ ਗੱਲ ਆਖੀ। ਕਰੀਰਵਾਲੀ ਨੇ ਬੇਬਾਕੀ ਨਾਲ ਕਿਹਾ, ‘ਕਿਸੇ ਪਾਸਿਓਂ ਕੋਈ ਸੱਦਾ ਨਹੀਂ ਆਇਆ, ਇਸੇ ਲਈ ਨਹੀਂ ਗਏ।’ ਉੱਧਰ ਜ਼ਿਲ੍ਹੇ ਦੇ ਫ਼ਰੀਦਕੋਟ ਅਤੇ ਕੋਟਕਪੂਰਾ ਹਲਕਿਆਂ ’ਚ ਵੀ ਅਜਿਹਾ ਹੀ ਵਾਤਾਵਰਣ ਦੇਖਣ ਨੂੰ ਮਿਲਿਆ, ਪਰ ਬਹੁਤੇ ਆਗੂਆਂ ਨੇ ਵਿਵਾਦ ਵਧਣ ਦੇ ਡਰੋਂ ਟਿੱਪਣੀ ਕਰਨ ਤੋਂ ਟਾਲਾ ਵੱਟਿਆ। ਇਸ ਤਰ੍ਹਾਂ ਸਾਈਕਲ ਯਾਤਰਾ ਤਾਂ ਆਪਣੇ ਰਾਹ ਪੈ ਗਈ, ਪਰ ਕਾਂਗਰਸ ਵਿੱਚ ਸੱਦੇ, ਸਹਿਮਤੀ ਅਤੇ ਸਿਆਸੀ ਸਾਂਝ ਦੇ ਸਵਾਲ ਪਿੱਛੇ ਛੱਡ ਗਈ। 2027 ਦੀ ਟਿਕਟ ਦੀ ਦੌੜ ਵਿੱਚ ਹਾਲੇ ਕਾਫ਼ੀ ਸਮਾਂ ਹੈ, ਪਰ ਜੈਤੋ ਵਿੱਚ ਸਿਆਸੀ ਪੈਡਲ ਹੁਣੇ ਤੋਂ ਤੇਜ਼ ਹੋ ਗਏ ਹਨ।
