November 19, 2026
ਖਾਸ ਖ਼ਬਰਰਾਸ਼ਟਰੀ

ਕੈਨੇਡਾ-ਚੀਨ ਵਪਾਰਕ ਸਬੰਧਾਂ ਵਿੱਚ ਨਵਾਂ ਮੋੜ: ਸੂਰ ਦੇ ਮਾਸ ਤੇ ਸਮੁੰਦਰੀ ਉਤਪਾਦਾਂ ਦੀ ਬਰਾਮਦ ਨੂੰ ਮਿਲੇਗਾ ਹੁਲਾਰਾ

ਕੈਨੇਡਾ-ਚੀਨ ਵਪਾਰਕ ਸਬੰਧਾਂ ਵਿੱਚ ਨਵਾਂ ਮੋੜ: ਸੂਰ ਦੇ ਮਾਸ ਤੇ ਸਮੁੰਦਰੀ ਉਤਪਾਦਾਂ ਦੀ ਬਰਾਮਦ ਨੂੰ ਮਿਲੇਗਾ ਹੁਲਾਰਾ

ਵਿੰਨੀਪੈੱਗ- ਕੈਨੇਡਾ ਤੇ ਚੀਨ ਨੇ ਕਈ ਸਾਲਾਂ ਤੋਂ ਚੱਲ ਰਹੇ ਵਪਾਰਕ ਤਣਾਅ ਨੂੰ ਘਟਾਉਣ ਅਤੇ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਅਹਿਮ ਸਮਝੌਤਿਆਂ ’ਤੇ ਸਹਿਮਤੀ ਪ੍ਰਗਟਾਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਸ਼ੇਨਜ਼ੇਨ ਵਿਖੇ ਹੋਈ ਬੈਠਕ ਦੌਰਾਨ ਖੇਤੀਬਾੜੀ, ਸਮੁੰਦਰੀ ਉਤਪਾਦਾਂ, ਧਾਤਾਂ, ਸਿੱਖਿਆ ਅਤੇ ਡਿਜੀਟਲ ਵਪਾਰ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਗਿਆ।

ਸਮਝੌਤੇ ਤਹਿਤ ਚੀਨ ਕੈਨੇਡਾ ਤੋਂ ਦਰਾਮਦ ਕੀਤੇ ਜਾਣ ਵਾਲੇ ਸੂਰ ਦੇ ਮਾਸ (ਪੋਰਕ) ਅਤੇ ਕਈ ਸਮੁੰਦਰੀ ਉਤਪਾਦਾਂ ’ਤੇ ਲੱਗੀ 25 ਫ਼ੀਸਦੀ ਡਿਊਟੀ ਤੋਂ ਰਾਹਤ ਦੇਵੇਗਾ। ਕੈਨੇਡਾ ਸਰਕਾਰ ਅਨੁਸਾਰ ਇਸ ਨਾਲ ਸਾਲਾਨਾ ਲਗਪਗ 40 ਕਰੋੜ ਡਾਲਰ ਦੇ ਨਿਰਯਾਤ ਨੂੰ ਲਾਭ ਮਿਲੇਗਾ। ਇਸ ਵਿੱਚ 11.6 ਕਰੋੜ ਡਾਲਰ ਦਾ ਪੋਰਕ ਅਤੇ 28.5 ਕਰੋੜ ਡਾਲਰ ਦੇ ਮੱਛੀ ਤੇ ਸਮੁੰਦਰੀ ਉਤਪਾਦ ਸ਼ਾਮਲ ਹਨ। ਇਨ੍ਹਾਂ ਵਿੱਚ ਝੀਂਗਿਆਂ, ਪੈਸੀਫਿਕ ਸਪਾਟ ਪ੍ਰੌਨ, ਸਮੁੰਦਰੀ ਖੀਰਾ ਅਤੇ ਗ੍ਰੀਨਲੈਂਡ ਹੈਲੀਬਟ ਵਰਗੇ ਉਤਪਾਦ ਸ਼ਾਮਲ ਹਨ।

ਇਸ ਦੇ ਬਦਲੇ ਕੈਨੇਡਾ ਚੀਨ ਦੇ ਚੋਣਵੇਂ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਨੂੰ ਦਿੱਤੀ ਜਾ ਰਹੀ ਟੈਰਿਫ਼ ਛੋਟ 2028 ਤੱਕ ਵਧਾਏਗਾ। ਇਸ ਤੋਂ ਇਲਾਵਾ 23 ਸਟੀਲ ਅਤੇ ਨੌਂ ਐਲੂਮੀਨੀਅਮ ਉਤਪਾਦਾਂ ਸਮੇਤ 32 ਹੋਰ ਉਤਪਾਦ ਸ਼੍ਰੇਣੀਆਂ ਨੂੰ ਵੀ ਛੋਟ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਇਹ ਰਾਹਤ ਉਨ੍ਹਾਂ ਵਸਤਾਂ ਲਈ ਹੈ ਜਿਨ੍ਹਾਂ ਦੀ ਕੈਨੇਡਾ ਵਿੱਚ ਸਪਲਾਈ ਘੱਟ ਹੈ ਜਾਂ ਉਪਲਬਧ ਨਹੀਂ। ਦੋਵਾਂ ਦੇਸ਼ਾਂ ਨੇ ਕੈਨੇਡੀਅਨ ਫਾਵਾ ਬੀਨਜ਼, ਛੋਲਿਆਂ ਅਤੇ ਮਸਰਾਂ ਲਈ ਚੀਨੀ ਬਾਜ਼ਾਰ ਤੱਕ ਪਹੁੰਚ ਵਧਾਉਣ ’ਤੇ ਵੀ ਸਹਿਮਤੀ ਜਤਾਈ ਹੈ। ਇਸ ਤੋਂ ਇਲਾਵਾ 2027 ਨੂੰ ਕੈਨੇਡਾ-ਚੀਨ ਈ-ਕਾਮਰਸ ਸਾਲ ਵਜੋਂ ਮਨਾਇਆ ਜਾਵੇਗਾ ਅਤੇ ਕੈਨੇਡਾ ਇਸੇ ਸਾਲ ਚੀਨ ਵਿੱਚ ਵੱਡਾ ਵਪਾਰਕ ਵਫ਼ਦ ਭੇਜੇਗਾ।

ਏਅਰ ਕੈਨੇਡਾ ਮਈ 2027 ਤੋਂ ਵੈਨਕੂਵਰ ਅਤੇ ਗੁਆਂਗਝੂ ਵਿਚਕਾਰ ਉਡਾਣਾਂ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਕੈਨੇਡੀਅਨ ਕਲਾ ਤੇ ਸੱਭਿਆਚਾਰ ਖੇਤਰ ਦੀਆਂ ਪੰਜ ਕੰਪਨੀਆਂ ਨੇ 1.5 ਕਰੋੜ ਡਾਲਰ ਤੋਂ ਵੱਧ ਦੇ ਵਪਾਰਕ ਸਮਝੌਤੇ ਕੀਤੇ ਹਨ। ਦੋਵਾਂ ਆਗੂਆਂ ਨੇ ਊਰਜਾ, ਇਲੈਕਟ੍ਰਿਕ ਵਾਹਨਾਂ ਅਤੇ ਘੱਟ-ਕਾਰਬਨ ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਨਾਲ ਵਪਾਰਕ ਤਣਾਅ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫਾਂ ਦਰਮਿਆਨ ਕੈਨੇਡਾ ਆਪਣੇ ਨਿਰਯਾਤ ਲਈ ਨਵੇਂ ਬਾਜ਼ਾਰ ਤਲਾਸ਼ ਰਿਹਾ ਹੈ। ਅਜਿਹੇ ਵਿੱਚ ਚੀਨ ਨਾਲ ਹੋਏ ਇਹ ਸਮਝੌਤੇ ਕੈਨੇਡਾ ਦੀ ਵਪਾਰਕ ਵਿਭਿੰਨਤਾ ਦੀ ਨੀਤੀ ਲਈ ਅਹਿਮ ਮੰਨੇ ਜਾ ਰਹੇ ਹਨ। ਕਾਰਨੀ ਨੇ ਕਿਹਾ ਕਿ ਦੋਵੇਂ ਦੇਸ਼ ਵਿਹਾਰਕ ਪਹੁੰਚ ਰਾਹੀਂ ਸਾਂਝੇ ਹਿੱਤਾਂ ਦੇ ਮੁੱਦਿਆਂ ’ਤੇ ਕੰਮ ਕਰ ਸਕਦੇ ਹਨ।

Related posts

ਕੈਨੇਡਾ: ਫਿਰੌਤੀ ਲਈ ਗੋਲੀਆਂ ਚਲਾਉਣ ਵਾਲਾ ਇੱਕ ਹੋਰ ਗ੍ਰਿਫਤਾਰ

Current Updates

ਕੋਲਕਾਤਾ ਕਾਂਡ: ਸੰਜੈ ਰਾਏ ਦੋਸ਼ੀ ਕਰਾਰ

Current Updates

ਦਿੱਲੀ ਦੇ ਇਕ ਸਕੂਲ ਨੂੰ ਬੰਬ ਦੀ ਧਮਕੀ, ਜਾਂਚ ਉਪਰੰਤ ਅਫ਼ਵਾਹ ਨਿੱਕਲੀ

Current Updates

Leave a Comment