ਨਵੀਂ ਦਿੱਲੀ- ਆਈਪੀਐੱਲ 2027 ਤੋਂ ਪਹਿਲਾਂ ਖਿਡਾਰੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਏ ਸਮਝੌਤੇ ਤਹਿਤ ਆਲਰਾਊਂਡਰ ਹਾਰਦਿਕ ਪੰਡਿਆ ਪੰਜਾਬ ਕਿੰਗਜ਼ ਵੱਲੋਂ ਖੇਡਣਗੇ, ਜਦਕਿ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਦੀ ਟੀਮ ਵਿੱਚ ਸ਼ਾਮਲ ਹੋਣਗੇ। ਇਹ ਆਈਪੀਐੱਲ ਦੇ ਇਤਿਹਾਸ ਵਿੱਚ ਦੋ ਵੱਡੇ ਭਾਰਤੀ ਖਿਡਾਰੀਆਂ ਵਿਚਾਲੇ ਹੋਣ ਵਾਲੀਆਂ ਵੱਡੀਆਂ ਅਦਲਾ-ਬਦਲੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਹਾਲਾਂਕਿ ਇਸ ਨੂੰ ਅਧਿਕਾਰਤ ਰੂਪ ਦੇਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮਨਜ਼ੂਰੀ ਅਤੇ ਲੋੜੀਂਦੀਆਂ ਰਸਮੀ ਕਾਰਵਾਈਆਂ ਅਜੇ ਬਾਕੀ ਹਨ। ਦੂਜੇ ਪਾਸੇ ਕੁਝ ਰਿਪੋਰਟਾਂ ਮੁਤਾਬਕ ਦੋਵਾਂ ਖਿਡਾਰੀਆਂ ਦੀ ਸਹਿਮਤੀ ਅਤੇ ਅੰਤਿਮ ਕਾਗਜ਼ੀ ਕਾਰਵਾਈ ਵੀ ਪੂਰੀ ਹੋਣੀ ਹੈ।
ਅਰਸ਼ਦੀਪ ਦੇ ਜਾਣ ਨਾਲ ਪੰਜਾਬ ਨੂੰ ਵੱਡਾ ਝਟਕਾ- ਦੂਜੇ ਪਾਸੇ ਅਰਸ਼ਦੀਪ ਸਿੰਘ ਦਾ ਪੰਜਾਬ ਕਿੰਗਜ਼ ਨਾਲ ਲੰਮਾ ਸਫ਼ਰ ਖ਼ਤਮ ਹੋਵੇਗਾ। ਉਹ 2019 ਵਿੱਚ ਆਈਪੀਐੱਲ ਵਿੱਚ ਆਪਣੀ ਸ਼ੁਰੂਆਤ ਤੋਂ ਹੀ ਪੰਜਾਬ ਦੀ ਟੀਮ ਨਾਲ ਜੁੜੇ ਹੋਏ ਸਨ। ਇਸ ਟੀਮ ਵੱਲੋਂ ਖੇਡਦਿਆਂ ਉਨ੍ਹਾਂ ਨੇ ਆਪਣੀ ਪਛਾਣ ਬਣਾਈ ਅਤੇ ਭਾਰਤੀ ਕੌਮੀ ਟੀਮ ਵਿੱਚ ਥਾਂ ਹਾਸਲ ਕੀਤੀ। ਉਹ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਭਾਰਤ ਦੇ ਸਭ ਤੋਂ ਸਫ਼ਲ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਅਰਸ਼ਦੀਪ ਦੇ ਮੁੰਬਈ ਵਿੱਚ ਸ਼ਾਮਲ ਹੋਣ ਨਾਲ ਟੀਮ ਦੀ ਤੇਜ਼ ਗੇਂਦਬਾਜ਼ੀ ਨੂੰ ਮਜ਼ਬੂਤੀ ਮਿਲੇਗੀ। ਉਹ ਜਸਪ੍ਰੀਤ ਬੁਮਰਾਹ ਨਾਲ ਮਿਲ ਕੇ ਨਵੀਂ ਗੇਂਦ ਅਤੇ ਪਾਰੀ ਦੇ ਆਖ਼ਰੀ ਓਵਰਾਂ ਵਿੱਚ ਵਿਰੋਧੀ ਟੀਮਾਂ ਲਈ ਚੁਣੌਤੀ ਬਣ ਸਕਦੇ ਹਨ। ਮੁੰਬਈ ਨੂੰ ਪਿਛਲੇ ਸੀਜ਼ਨ ਵਿੱਚ ਗੇਂਦਬਾਜ਼ੀ ਦੇ ਮੋਰਚੇ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਦੋਵਾਂ ਟੀਮਾਂ ਲਈ ਨਵੇਂ ਸਿਰੇ ਤੋਂ ਤਿਆਰੀ ਦਾ ਮੌਕਾ- ਆਈਪੀਐੱਲ 2026 ਵਿੱਚ ਮੁੰਬਈ ਇੰਡੀਅਨਜ਼ 10 ਟੀਮਾਂ ਵਿੱਚੋਂ ਨੌਵੇਂ ਸਥਾਨ ’ਤੇ ਰਹੀ ਸੀ, ਜਦਕਿ ਪੰਜਾਬ ਕਿੰਗਜ਼ 15 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹਿ ਕੇ ਪਲੇਅ-ਆਫ਼ ਵਿੱਚ ਪਹੁੰਚਣ ਤੋਂ ਖੁੰਝ ਗਈ ਸੀ। ਹੁਣ ਦੋਵੇਂ ਟੀਮਾਂ ਅਗਲੇ ਸੀਜ਼ਨ ਲਈ ਆਪਣੀ ਰਣਨੀਤੀ ਬਦਲ ਰਹੀਆਂ ਹਨ। ਆਈਪੀਐੱਲ ਦਾ ਅਗਲਾ ਮਿੰਨੀ ਨਿਲਾਮੀ ਸਮਾਗਮ 16 ਦਸੰਬਰ ਨੂੰ ਗੋਆ ਵਿੱਚ ਹੋਣ ਦੀ ਤਜਵੀਜ਼ ਹੈ ਅਤੇ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਆਖ਼ਰੀ ਤਰੀਕ 17 ਨਵੰਬਰ ਤੱਕ ਵਧਾਈ ਗਈ ਹੈ।
