October 20, 2026
ਖਾਸ ਖ਼ਬਰਰਾਸ਼ਟਰੀ

ਬਾਜ਼ਾਰ ’ਚ ਨਿਤਰਿਆ ‘ਕੌਕਰੋਚ ਜਨਤਾ ਪਾਰਟੀ’ ਦਾ ਨਵਾਂ ਵਿਰੋਧੀ

ਬਾਜ਼ਾਰ ’ਚ ਨਿਤਰਿਆ ‘ਕੌਕਰੋਚ ਜਨਤਾ ਪਾਰਟੀ’ ਦਾ ਨਵਾਂ ਵਿਰੋਧੀ

ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ‘ਕੌਕਰੇਚ ਜਨਤਾ ਪਾਰਟੀ’ (CJP) ਵੱਲੋਂ ਚਲਾਏ ਜਾ ਰਹੇ ਅੰਦੋਲਨ ਦੇ ਦਰਮਿਆਨ, ਦਿੱਲੀ ਵਿੱਚ ਇਸ ਦੇ ਵਿਰੋਧ ’ਚ ‘ਲਾਲ ਹਿੱਟ ਜਨਤਾ ਪਾਰਟੀ’ ਨਾਮਕ ਇੱਕ ਨਵੀਂ ਧਿਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ਚਰਚਾ ਦਾ ਕੇਂਦਰ ਬਣੀ ਇਸ ਨਵੀਂ ਧਿਰ ਨੇ CJP ਦੇ ਪ੍ਰਦਰਸ਼ਨਾਂ ਦਾ ਮੁਕਾਬਲਾ ਕਰਨ ਦਾ ਐਲਾਨ ਕੀਤਾ ਹੈ।

ਇਸ ਸੰਗਠਨ ਨੇ ਐਤਵਾਰ ਨੂੰ ਮਾਲਵੀਆ ਸਮ੍ਰਿਤੀ ਭਵਨ ਵਿਖੇ ਆਪਣੀ ਪਹਿਲੀ ਮੈਂਬਰਸ਼ਿਪ ਬੈਠਕ ਕੀਤੀ, ਜਿੱਥੇ ਇਸ ਦੇ ਕਨਵੀਨਰ ਅਯਾਨ ਭਟਨਾਗਰ ਅਤੇ ਹੋਰ ਬੁਲਾਰਿਆਂ ਨੇ CJP, ਕਾਂਗਰਸ ਅਤੇ ਪ੍ਰਦਰਸ਼ਨਕਾਰੀਆਂ ਦੀ ਤਿੱਖੀ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਧਰਨੇ-ਪ੍ਰਦਰਸ਼ਨ ਸੰਵਿਧਾਨਕ ਸੰਸਥਾਵਾਂ ਦੀ ਵੱਕਾਰ ਨੂੰ ਢਾਹ ਲਾ ਰਹੇ ਹਨ ਅਤੇ ਵਪਾਰੀਆਂ ਦਾ ਭਾਰੀ ਨੁਕਸਾਨ ਕਰ ਰਹੇ ਹਨ। ਆਪਣਾ ਰੁੱਖ ਸਪੱਸ਼ਟ ਕਰਦਿਆਂ ਭਟਨਾਗਰ ਨੇ ਕਿਹਾ ਕਿ ਇਸ ਧਿਰ ਦਾ ਗਠਨ ਚੋਣਾਂ ਲੜਨ ਲਈ ਨਹੀਂ, ਸਗੋਂ CJP ਦੀ ਮੁਹਿੰਮ ਦਾ ਵਿਰੋਧ ਕਰਨ ਅਤੇ ਬਹਿਸ ਤੇ ਸ਼ਾਂਤਮਈ ਲਾਮਬੰਦੀ ਰਾਹੀਂ ਉਨ੍ਹਾਂ ਦੇ ਤਰਕਾਂ ਨੂੰ ਚੁਣੌਤੀ ਦੇਣ ਲਈ ਕੀਤਾ ਗਿਆ ਹੈ।

ਉਨ੍ਹਾਂ ਕਿਹਾ, “ਜਿਵੇਂ ਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ, ‘ਲਾਲ ਹਿੱਟ ਜਨਤਾ ਪਾਰਟੀ’ ਚੋਣਾਂ ਲੜਨ ਲਈ ਨਹੀਂ ਬਣੀ ਹੈ। ਅਸੀਂ CJP ਅਤੇ ਉਸ ਦੇ ਪ੍ਰਦਰਸ਼ਨਾਂ ਦੇ ਖ਼ਿਲਾਫ਼ ਖੜ੍ਹੇ ਹਾਂ। ਅਸੀਂ ਉਨ੍ਹਾਂ ਕੌਕਰੇਚਾਂ ਦਾ ਵਿਰੋਧ ਕਰਦੇ ਹਾਂ ਜੋ ਦੇਸ਼ ਦੇ ਲੋਕਤੰਤਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਅਤੇ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਇਹ ਸੰਗਠਨ ਆਪਣੇ ਵਿਚਾਰਾਂ ਨੂੰ ਅੱਗੇ ਰੱਖਣ ਅਤੇ CJP ਦੇ ਦਾਅਵਿਆਂ ਨੂੰ ਵੰਗਾਰਨ ਲਈ ਛੋਟੇ-ਵੱਡੇ ਪੱਧਰ ’ਤੇ ਇਕੱਠ ਕਰੇਗਾ। ਭਟਨਾਗਰ ਨੇ ਕਿਹਾ, “ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਆਓ ਅਤੇ ਬਹਿਸ ਕਰੋ। ਜੇਕਰ ਤੁਸੀਂ ਜਿੱਤਦੇ ਹੋ ਤਾਂ ਇਹ ਤੁਹਾਡੀ ਜਿੱਤ ਹੋਵੇਗੀ, ਅਤੇ ਜੇਕਰ ਅਸੀਂ ਜਿੱਤਦੇ ਹਾਂ ਤਾਂ ਇਹ ਸਾਡੀ ਹੋਵੇਗੀ।”

ਸੰਗਠਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਪ੍ਰਦਰਸ਼ਨਾਂ, ਤੱਥਾਂ ’ਤੇ ਆਧਾਰਿਤ ਗੱਲਬਾਤ ਅਤੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਲੋਕਤੰਤਰੀ ਪ੍ਰਕਿਰਿਆਵਾਂ ਦਾ ਹਿੱਸਾ ਬਣਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਸਮੇਤ ਸੰਵਿਧਾਨਕ ਸੰਸਥਾਵਾਂ ਦੀ ਆਜ਼ਾਦੀ ਅਤੇ ਮਰਿਆਦਾ ਦੀ ਰਾਖੀ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਬੈਠਕ ਨੂੰ ਫ਼ਿਲਮ ਨਿਰਮਾਤਾ ਰਿਚਾ ਗੁਪਤਾ, ਪਵਨ ਨਾਗਪਾਲ ਅਤੇ ਅਤੁਲ ਗੰਗਵਾਰ ਨੇ ਵੀ ਸੰਬੋਧਨ ਕੀਤਾ। ਭਟਨਾਗਰ ਨੇ ਦੱਸਿਆ ਕਿ ਇਸ ਇਕੱਠ ਦਾ ਮਕਸਦ ਸਮੂਹ ਦੀ ਭਵਿੱਖੀ ਰਣਨੀਤੀ ’ਤੇ ਚਰਚਾ ਕਰਨਾ ਅਤੇ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਸੀ। ਉਨ੍ਹਾਂ ਇਹ ਸਵਾਲ ਵੀ ਖੜ੍ਹਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਮਬੰਦੀ ਦਾ ਸੱਦਾ ਦੇਣ ਤਾਂ ਕਿੰਨੇ ਲੋਕ ਇਕੱਠੇ ਹੋਣਗੇ।

ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ CJP ਵੱਲੋਂ ਕਨੌਟ ਪਲੇਸ ਅਤੇ ਦਿੱਲੀ ਦੇ ਹੋਰ ਹਿੱਸਿਆਂ ਵਿੱਚ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ ਦਾ ਕਾਰੋਬਾਰੀ ਵਰਗ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ, ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਪਾਰਕ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ। ‘ਲਾਲ ਹਿੱਟ ਜਨਤਾ ਪਾਰਟੀ’ ਦੇ ਆਉਣ ਨਾਲ ਹੁਣ ਇਹ ਸਿਆਸੀ ਜੰਗ ਜਨਤਕ ਮੰਚ ’ਤੇ ਹੋਰ ਭਖ ਗਈ ਹੈ, ਜਿੱਥੇ ਦੋਵੇਂ ਧਿਰਾਂ ਲੋਕਤੰਤਰੀ ਸੰਸਥਾਵਾਂ, ਪ੍ਰਦਰਸ਼ਨਾਂ ਅਤੇ ਜਵਾਬਦੇਹੀ ਦੇ ਮੁੱਦੇ ’ਤੇ ਆਪਣਾ-ਆਪਣਾ ਪੱਖ ਮਜ਼ਬੂਤ ਕਰਨ ’ਚ ਜੁਟੀਆਂ ਹੋਈਆਂ ਹਨ।

Related posts

ਜੰਗਬੰਦੀ ਕਰਵਾ ਕੇ Pakistan ਨੇ ਭਰੋਸੇਯੋਗਤਾ ਵਾਲੀ ਪਛਾਣ ਬਣਾਈ: Khawaja Asif

Current Updates

ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਰੋਸ: ਜਲੰਧਰ ‘ਚ ਮੁਕੰਮਲ ਬੰਦ, ਬਾਜ਼ਾਰ ਰਹੇ ਪੂਰੀ ਤਰ੍ਹਾਂ ਠੱਪ

Current Updates

ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ

Current Updates

Leave a Comment