ਪੱਟੀ- ਪੱਟੀ ਸ਼ਹਿਰ ਦੇ ਖੇਮਕਰਨ ਰੋਡ ’ਤੇ ਸਥਿਤ ਇੱਕ ਕੰਡੇ ਉੱਪਰ ਅੱਜ ਦੇਰ ਸ਼ਾਮ ਟਰੱਕਾਂ ਦਾ ਵਜ਼ਨ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਜਾਣਕਾਰੀ ਅਨੁਸਾਰ ਸ਼ਿੰਗਾਰਾ ਸਿੰਘ ਵਾਸੀ ਠੱਕਰਪੁਰਾ ਆਪਣੀ ਗੱਡੀ ਦਾ ਉਕਤ ਕੰਡੇ ਉੱਪਰ ਪਹਿਲਾਂ ਵਜ਼ਨ ਕਰਵਾਉਣਾ ਚਾਹੁੰਦਾ ਸੀ ਅਤੇ ਦੂਜੀ ਧਿਰ ਦੇ ਵਿਅਕਤੀ ਬਿੱਲਾ ਭਲਵਾਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਕਰਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਵਧ ਗਈ ਅਤੇ ਸ਼ਿੰਗਾਰਾ ਸਿੰਘ ਵਾਸੀ ਠੱਕਰਪੁਰਾ ਅਤੇ ਉਸ ਦੇ ਸਾਥੀਆਂ ਵੱਲੋਂ ਦਰਜਨ ਤੋਂ ਵੱਧ ਗੋਲੀਆਂ ਚਲਾ ਦਿੱਤੀਆਂ ਗਈਆਂ।
ਘਟਨਾ ਵਾਪਰਨ ਬਾਅਦ ਦੋਵੇਂ ਧਿਰਾਂ ਮੌਕੇ ਤੋਂ ਫ਼ਰਾਰ ਹੋ ਗਈਆਂ। ਦੱਸਿਆ ਜਾ ਰਿਹਾ ਕਿ ਆਪਣੀ ਜਾਨ ਬਚਾਉਣ ਲਈ ਦੂਸਰੀ ਧਿਰ ਵੱਲੋਂ ਵੀ ਇੱਟਾਂ ਰੋੜੇ ਚਲਾਏ ਗਏ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਖੇਮਕਰਨ ਰੋਡ ਉੱਪਰ ਹਰ ਵੇਲੇ ਭਾਰੀ ਟਰੈਫਿਕ ਅਤੇ ਆਮ ਲੋਕਾਂ ਦੀ ਭੀੜ ਰਹਿੰਦੀ ਹੈ ਪਰ ਗੋਲੀਆਂ ਚੱਲਣ ਦੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਥਾਣਾ ਸਿਟੀ ਪੱਟੀ ਦੇ ਮੁਖੀ ਵਿਪਿਨ ਕੁਮਾਰ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਵਾਸੀ ਠੱਕਰਪੁਰਾ ਸਮੇਤ ਉਸਦੇ 8 ਅਣਪਛਾਤੇ ਸਾਥੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
