ਪਟਿਆਲਾ- ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਟੀ ਬੀ ਅਤੇ ਛਾਤੀ ਦੇ ਰੋਗਾਂ ਸਬੰਧੀ 81ਵੀਂ ਕੌਮੀ ਕਾਨਫਰੰਸ ਨੈਟਕੌਨ-2026 ’ਚ ਅੱਜ ਮਾਹਿਰਾਂ ਨੇ ਟੀ ਬੀ ਅਤੇ ਫੇਫੜਿਆਂ ਦੀਆਂ ਹੋਰ ਬਿਮਾਰੀਆਂ ਦੀ ਛੇਤੀ ਜਾਂਚ, ਨਵੀਂਆਂ ਤਕਨੀਕਾਂ ਅਤੇ ਮਰੀਜ਼ਾਂ ਨੂੰ ਬਿਮਾਰੀ ਦੀ ਕਿਸਮ ਦੇ ਅਨੁਸਾਰ ਸਹੀ ਇਲਾਜ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ| ਮਾਹਿਰਾਂ ਨੇ ਇਨ੍ਹਾਂ ਖੇਤਰਾਂ ਵਿੱਚ ਹੋਈਆਂ ਨਵੀਆਂ ਤਰੱਕੀਆਂ ਅਤੇ ਇਲਾਜ ਦੇ ਆਧੁਨਿਕ ਤਰੀਕਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ|
ਕਾਨਫਰੰਸ ਦੇ ਆਰਗੇਨਾਈਜ਼ਿੰਗ ਚੇਅਰਮੈਨ ਡਾ. ਵਿਸ਼ਾਲ ਚੋਪੜਾ ਅਤੇ ਸਕੱਤਰ ਡਾ. ਕ੍ਰਾਂਤੀ ਗਰਗ ਨੇ ਦੱਸਿਆ ਕਿ ਅੱਜ ਵਿਚਾਰ-ਚਰਚਾ ਦੌਰਾਨ ਮਾਹਿਰਾਂ ਨੇ ਜ਼ੋਰ ਦਿੱਤਾ ਕਿ ਨਵੀਆਂ ਦਵਾਈਆਂ ਦੀ ਉਪਲਬਧਤਾ, ਜਲਦੀ ਅਤੇ ਸਹੀ ਜਾਂਚ, ਸਮੇਂ ਸਿਰ ਇਲਾਜ ਅਤੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਰਾਹੀਂ ਟੀ ਬੀ ਮੁਕਤ ਭਾਰਤ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਗਾਤਾਰ ਖੰਘ, ਲੰਮੇ ਸਮੇਂ ਤੱਕ ਬੁਖਾਰ ਜਾਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਭਾਰ ਘਟਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ|
ਇਸ ਦੌਰਾਨ ਦੇਸ਼ ਭਰ ਤੋਂ ਪਹੁੰਚੇ ਪ੍ਰਮੁੱਖ ਮਾਹਿਰਾਂ ਨੇ ਟੀ ਬੀ ਅਤੇ ਵੱਖ-ਵੱਖ ਫੇਫੜਿਆਂ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਸਬੰਧੀ ਨਵੀਆਂ ਪਹੁੰਚਾਂ ’ਤੇ ਆਧਾਰਿਤ ਵਿਗਿਆਨਕ ਸੈਸ਼ਨਾਂ ਵਿੱਚ ਹਿੱਸਾ ਲਿਆ| ਏਮਜ਼, ਨਵੀਂ ਦਿੱਲੀ, ਪੀ ਜੀ ਆਈ ਚੰਡੀਗੜ੍ਹ ਅਤੇ ਪੀ ਜੀ ਆਈ ਰੋਹਤਕ ਵਰਗੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਤੋਂ ਆਏ ਮਾਹਿਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ|
ਏਮਜ਼ ਨਵੀਂ ਦਿੱਲੀ ਦੇ ਨਿਊਰੋਲੋਜਿਸਟ ਡਾ. ਰੋਹਿਤ ਭਾਟੀਆ ਨੇ ਟੀ ਬੀ ਮੈਨਿੰਜਾਈਟਿਸ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਮੌਜੂਦਾ ਇਲਾਜ ਪ੍ਰਣਾਲੀ ਦੀ ਸਮੀਖਿਆ ਅਤੇ ਇਸ ਵਿੱਚ ਲੋੜ ਅਨੁਸਾਰ ਤਬਦੀਲੀ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਤਾਂ ਜੋ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਲੰਮੇ ਸਮੇਂ ਤੱਕ ਰਹਿਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਘਟਾਇਆ ਜਾ ਸਕੇ| ਇਸ ਮੌਕੇ ਡਾ. ਅਜੀਤ ਕੁਮਾਰ, ਡਾ. ਉਮਾ ਦੇਵੀ ਅਤੇ ਡਾ. ਰੋਹਿਤ ਭਾਟੀਆ ਨੂੰ ਛਾਤੀ ਦੇ ਰੋਗਾਂ ਦੇ ਖੇਤਰ ਵਿੱਚ ਉਨ੍ਹਾਂ ਦੇ ਅਹਿਮ ਅਤੇ ਜੀਵਨ ਭਰ ਦੇ ਯੋਗਦਾਨ ਲਈ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ|
