ਮੁੰਬਈ- ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਅੱਜ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਸਿਹਤ ਸਬੰਧੀ ਕੋਈ ਸਮੱਸਿਆ ਨਹੀਂ ਹੈ। ਜ਼ਿਕਰਯੋਗ ਹੈ ਕਿ ਬਿਗ ਬੌਸ ਸ਼ੋਅ ਦੇ ਨਿਰਮਾਤਾਵਾਂ ਤੇ ਪ੍ਰਬੰਧਕਾਂ ਨੇ ਬੀਤੀ ਰਾਤ ਸਲਮਾਨ ਖਾਨ ’ਤੇ ਫਿਲਮਾਇਆ ਦ੍ਰਿਸ਼ ਗਲਤ ਢੰਗ ਨਾਲ ਐਡਿਟ ਕਰ ਦਿੱਤਾ ਸੀ ਜਿਸ ਵਿਚ ਅਜਿਹਾ ਦਿਖਾਇਆ ਗਿਆ ਕਿ ਸਲਮਾਨ ਖਾਨ ਦੀ ਤਬੀਅਤ ਸਚਮੁੱਚ ਵਿਗੜ ਗਈ ਹੈ ਪਰ ਸਲਮਾਨ ਨੇ ਅੱਜ ਸਪਸ਼ਟ ਕਰਦਿਆਂ ਕਿਹਾ ਕਿ ਉਹ ਬਿਲਕੁੱਲ ਠੀਕ ਹਨ।
ਰਿਐਲਿਟੀ ਸ਼ੋਅ ਦੇ ਇਸ ਪ੍ਰੋਮੋ ਵਿੱਚ ਦਿਖਾਇਆ ਗਿਆ ਕਿ ਸਲਮਾਨ ਦੀ ਸਟੇਜ ’ਤੇ ਅਚਾਨਕ ਸਿਹਤ ਵਿਗੜ ਗਈ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਤ ਹੋ ਗਏ ਸਨ। ਇਸ ਸ਼ੋਅ ਦੇ 17 ਸੀਜ਼ਨਾਂ ਦੀ ਮੇਜ਼ਬਾਨੀ ਕਰ ਚੁੱਕੇ ਅਦਾਕਾਰ ਨੇ ਦੱਸਿਆ ਕਿ ਸ਼ੋਅ ਦੇ ਨਿਰਮਾਤਾਵਾਂ ਨੇ ਪ੍ਰੋਮੋ ਨੂੰ ਇਸ ਤਰੀਕੇ ਨਾਲ ਕੱਟਿਆ ਸੀ, ਜਿਸ ਨੂੰ ਬਾਅਦ ਵਿੱਚ ਠੀਕ ਕਰ ਦਿੱਤਾ ਗਿਆ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਮੁਆਫ਼ੀ ਵੀ ਮੰਗੀ। ਸਲਮਾਨ ਖਾਨ ਨੇ ਲਿਖਿਆ, ‘ਮੇਰੀ ਸਿਹਤ ਵਿੱਚ ਕੋਈ ਖਰਾਬੀ ਨਹੀਂ ਹੈ ਅਤੇ ਬਿੱਗ ਬੌਸ ਦਾ ਪ੍ਰੋਮੋ ਉਸ ਤਰੀਕੇ ਨਾਲ ਨਹੀਂ ਕੱਟਿਆ ਜਾਣਾ ਚਾਹੀਦਾ ਸੀ ਜਿਵੇਂ ਕਿ ਇਹ ਕੱਟਿਆ ਗਿਆ ਸੀ। ਪ੍ਰੋਮੋ ਕੱਟਣ ਦੇ ਤਰੀਕੇ ਲਈ ਮੈਂ ਮੁਆਫੀ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਉਹ ਤਰੀਕਾ ਹੈ ਜੋ ਉਹ ਸ਼ੋਅ ਦੀ ਪ੍ਰਮੋਸ਼ਨ ਲਈ ਵਰਤਦੇ ਹਨ, ਇਸ ਲਈ ਮੈਂ ਉਨ੍ਹਾਂ ਵੱਲੋਂ ਮੁਆਫ਼ੀ ਮੰਗਦਾ ਹਾਂ।’ ਇਸ ਦੇ ਨਾਲ ਹੀ ਅਦਾਕਾਰ ਨੇ ਪ੍ਰੋਮੋ ਵਿੱਚ ਬਦਲਾਅ ਕਰਨ ਲਈ ਸ਼ੋਅ ਦੇ ਨਿਰਮਾਤਾਵਾਂ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ਬਿੱਗ ਬੌਸ ਨੇ ਇਸ ਨੂੰ ਠੀਕ ਕਰ ਦਿੱਤਾ ਹੈ, ਧੰਨਵਾਦ ਬਿੱਗ ਬੌਸ।
ਫਿਲਮ ‘ਗਲਵਾਨ ਘਾਟੀ’ ਵਿਚ ਨਜ਼ਰ ਆਉਣਗੇ ਸਲਮਾਨ ਖਾਨ- ਸਲਮਾਨ ਖਾਨ ਜਲਦੀ ਹੀ ਆਪਣੀ ਆਉਣ ਵਾਲੀ ਫਿਲਮ ਮਾਤ੍ਰਭੂਮੀ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਅਪੂਰਵ ਲਖੀਆ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਅਦਾਕਾਰ ਦੇ ਨਾਲ ਚਿਤਰਾਂਗਦਾ ਸਿੰਘ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ ਸਾਲ 2020 ਵਿੱਚ ਹੋਈ ਗਲਵਾਨ ਘਾਟੀ ਦੀ ਝੜਪ ਦੇ ਆਲੇ-ਦੁਆਲੇ ਘੁੰਮਦੀ ਹੈ।
