ਅੰਮ੍ਰਿਤਸਰ: ਪੰਜਾਬ ਦੀ ਰਾਜਨੀਤੀ ਵਿੱਚ ਹਲਕਾ ਬਾਬਾ ਬਕਾਲਾ ਤੋਂ ਵੱਡਾ ਫੇਰਬਦਲ ਸਾਹਮਣੇ ਆਇਆ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਨਾਲ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਖੇਤਰ ਵਿੱਚ ਵੱਡਾ ਝਟਕਾ ਲੱਗਾ ਹੈ, ਕਿਉਂਕਿ ਸਤਿੰਦਰਜੀਤ ਸਿੰਘ ਛੱਜਲਵੱਡੀ ਉੱਥੇ ਪਾਰਟੀ ਦੇ ਮੌਜੂਦਾ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐਸ. ਡੀ. ਰਾਜਬੀਰ ਸਿੰਘ ਘੁੰਮਣ ਨੇ ਛੱਜਲਵੱਡੀ ਪਰਿਵਾਰ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਪਾਰਟੀ ਵਿੱਚ ਬਣਦਾ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਜਨ-ਕਲਿਆਣਕਾਰੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸੂਬੇ ਦੇ ਸੂਝਵਾਨ ਨੇਤਾ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਛੱਜਲਵੱਡੀ ਪਰਿਵਾਰ ਦਾ ਬਾਬਾ ਬਕਾਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲੰਮੇ ਸਮੇਂ ਤੋਂ ਮਜ਼ਬੂਤ ਅਧਾਰ ਮੰਨਿਆ ਜਾਂਦਾ ਹੈ। ਪਾਰਟੀ ‘ਚ ਸ਼ਾਮਲ ਹੋਣ ਉਪਰੰਤ ਰਣਜੀਤ ਸਿੰਘ ਛੱਜਲਵੱਡੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਨੀਤੀਆਂ ਵਿੱਚ ਪੂਰਾ ਵਿਸ਼ਵਾਸ ਪ੍ਰਗਟਾਉਂਦੇ ਹਨ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ। ਸਿਆਸੀ ਮਾਹਰਾਂ ਅਨੁਸਾਰ ਇਸ ਨਵੀਂ ਸ਼ਮੂਲੀਅਤ ਨਾਲ ਮਾਝਾ ਖੇਤਰ ਵਿੱਚ ਆਮ ਆਦਮੀ ਪਾਰਟੀ ਦੇ ਕੇਡਰ ਨੂੰ ਨਵੀਂ ਊਰਜਾ ਅਤੇ ਮਜ਼ਬੂਤੀ ਮਿਲੇਗੀ।
