ਜਲੰਧਰ- ਭਾਰਤੀ ਹਾਕੀ ਟੀਮ ਨੇ ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਅੱਜ ਦੱਖਣੀ ਕੋਰੀਆ ਨੂੰ 8-0 ਨਾਲ ਹਰਾ ਕੇ ਰਾਊਂਡ ਰੌਬਿਨ ਲੀਗ ਪੂਲ ’ਚ ਪਹਿਲਾ ਸਥਾਨ ਹਾਸਲ ਕੀਤਾ। ਜਾਪਾਨ 10 ਅੰਕਾਂ ਨਾਲ ਦੂਜੇ, ਮਲੇਸ਼ੀਆ 9 ਅੰਕਾਂ ਨਾਲ ਤੀਜੇ ਅਤੇ ਦੱਖਣੀ ਕੋਰੀਆ 6 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ। ਆਖਰੀ ਲੀਗ ਮੈਚ ਸ਼ੁਰੂ ਹੋਣ ਤੋਂ ਪਹਿਲਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਨੈਦਰਲੈਂਡਜ਼ ਦੇ ਡਰੈਗ ਫਲਿੱਕਰ ਫਲੋਰਿਸ ਜਾਨ ਬੋਵਲੈਂਡਰ ਨੇ ਭਾਰਤ ਅਤੇ ਦੱਖਣੀ ਕੋਰੀਆਈ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।
ਦੱਖਣੀ ਕੋਰੀਆ ਖ਼ਿਲਾਫ਼ ਮੈਚ ਵਿੱਚ ਦਿਲਪ੍ਰੀਤ ਸਿੰਘ ਨੇ ਦੋ ਗੋਲ ਕੀਤੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ, ਸੰਜੈ ਅਤੇ ਅੰਗਦ ਬੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ, ਕਮਜ਼ੋਰ ਮੰਨੀ ਜਾਣ ਵਾਲੀ ਬੰਗਲਾਦੇਸ਼ ਦੀ ਟੀਮ ਨੇ ਚੀਨ ਨਾਲ ਮੁਕਾਬਲਾ 1-1 ਨਾਲ ਡਰਾਅ ਖੇਡਿਆ। ਚੀਨ ਨੇ ਦੂਜੇ ਮਿੰਟ ਵਿੱਚ ਹੀ ਬੇਨਹਾਈ ਚੇਨ ਵੱਲੋਂ ਪੈਨਲਟੀ ਕਾਰਨਰ ਰਾਹੀਂ ਗੋਲ ਕਰ ਕੇ ਲੀਡ ਬਣਾ ਲਈ ਸੀ। ਬੰਗਲਾਦੇਸ਼ ਲਈ ਬਰਾਬਰੀ ਦਾ ਗੋਲ ਕਪਤਾਨ ਅਸ਼ਰਫੁਲ ਇਸਲਾਮ ਨੇ ਕੀਤਾ, ਜਿਸ ਨੇ 38ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ। ਜਾਪਾਨ ਅਤੇ ਮਲੇਸ਼ੀਆ ਵਿਚਾਲੇ ਹੋਏ ਇੱਕ ਹੋਰ ਸਖ਼ਤ ਮੁਕਾਬਲੇ ਵਿੱਚ ਜਾਪਾਨ ਨੇ ਜਿੱਤ ਦਰਜ ਕੀਤੀ। ਹਾਲਾਂਕਿ, ਇਹ ਜਿੱਤ ਬਹੁਤ ਫਰਕ ਨਾਲ ਨਹੀਂ ਸੀ। ਮਲੇਸ਼ੀਆ ਨੇ 10ਵੇਂ ਮਿੰਟ ਵਿੱਚ ਅਬੂ ਕਮਾਲ ਅਜ਼ਰਾਈ ਦੇ ਫੀਲਡ ਗੋਲ ਨਾਲ ਸ਼ੁਰੂਆਤੀ ਲੀਡ ਬਣਾਈ ਸੀ, ਪਰ ਜਾਪਾਨੀ ਖਿਡਾਰੀਆਂ ਨੇ ਹਾਰ ਨਹੀਂ ਮੰਨੀ ਅਤੇ ਕੇਨਤਾਰੋ ਫੁਕੁਦਾ ਰਾਹੀਂ 24ਵੇਂ ਤੇ 54ਵੇਂ ਮਿੰਟ ਵਿੱਚ ਦੋ ਫੀਲਡ ਗੋਲ ਕਰ ਕੇ ਜਿੱਤ ਹਾਸਲ ਕੀਤੀ।
ਜਲੰਧਰ ਨੇ ਹਾਕੀ ਮੁਕਾਬਲਿਆਂ ਨੂੰ ਵਿਦਾਇਗੀ ਦਿੱਤੀ- ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਆਖਰੀ ਮੈਚ ਦੌਰਾਨ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇੱਥੇ ਖੇਡੇ ਗਏ ਮੁਕਾਬਲਿਆਂ ਨੂੰ ਯਾਦਗਾਰੀ ਵਿਦਾਇਗੀ ਦੇਣ ਲਈ ਸਥਾਨਕ ਵਸਨੀਕਾਂ ਅਤੇ ਹਾਕੀ ਪ੍ਰੇਮੀਆਂ ਨੇ ਰਿਕਾਰਡ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਦਰਸ਼ਕਾਂ ਲਈ ਸਟੇਡੀਅਮ ਦੇ ਆਲੇ-ਦੁਆਲੇ ਵੱਖ-ਵੱਖ ਥਾਈਂ ਵੱਡੀਆਂ ਐੱਲ ਈ ਡੀ ਸਕਰੀਨਾਂ ਵੀ ਲਗਾਈਆਂ ਗਈਆਂ ਸਨ, ਜਿਸ ਸਦਕਾ ਸਟੇਡੀਅਮ ਤੋਂ ਬਾਹਰ ਮੌਜੂਦ ਹਜ਼ਾਰਾਂ ਲੋਕਾਂ ਨੂੰ ਲਾਈਵ ਮੁਕਾਬਲੇ ਦੇਖਣ ਦਾ ਮੌਕਾ ਮਿਲਿਆ।
