ਵਾਸ਼ਿੰਗਟਨ:ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (DHS) ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਇੱਕ ਵਿਵਾਦਤ ਪੋਸਟਰ ‘ਤੇ ਉੱਠੇ ਹੰਗਾਮੇ ਤੋਂ ਬਾਅਦ ਵਿਭਾਗ ਨੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਵਿਭਾਗ ਨੇ ਦੱਸਿਆ ਕਿ ਇਹ ਪੋਸਟਰ ਕਿਸੇ ਖ਼ਾਸ ਧਰਮ ਜਾਂ ਪੂਰੇ ਸਿੱਖ ਭਾਈਚਾਰੇ ਵਿਰੁੱਧ ਨਹੀਂ ਸੀ, ਸਗੋਂ ਇਹ ਫਲੋਰੀਡਾ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਆਰੋਪੀ ਹਰਜਿੰਦਰ ਸਿੰਘ ਨਾਲ ਸਬੰਧਤ ਸੀ।
ਪੋਸਟਰ ਵਿਵਾਦ ਅਤੇ ਨਸਲਵਾਦ ਦੇ ਦੋਸ਼- ਦੱਸਣਯੋਗ ਹੈ ਕਿ DHS ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ‘ਮਿਸਟਰ ਸਿੰਘ’ (Mr. Singh) ਸ਼ਬਦਾਂ ਦੀ ਵਰਤੋਂ ਕਰਦਿਆਂ “Get off our roads” (ਸਾਡੀਆਂ ਸੜਕਾਂ ਤੋਂ ਹਟ ਜਾਓ) ਵਰਗੀ ਸ਼ਬਦਾਵਲੀ ਲਿਖੀ ਗਈ ਸੀ। ਇਸ ਪੋਸਟਰ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿੱਚ ਰਹਿੰਦੇ ਭਾਰਤੀ-ਅਮਰੀਕੀ ਸੰਗਠਨਾਂ, ਸਿੱਖ ਸੰਸਥਾਵਾਂ ਅਤੇ ਕਈ ਡੈਮੋਕ੍ਰੇਟਿਕ ਨੇਤਾਵਾਂ ਵੱਲੋਂ ਇਸ ਦੀ ਤਿੱਖੀ ਆਲੋਚਨਾ ਕੀਤੀ ਗਈ ਅਤੇ ਇਸ ਨੂੰ ਨਸਲੀ ਭੇਦਭਾਵ ਵਾਲਾ ਦੱਸਿਆ ਗਿਆ।
DHS ਦਾ ਸਪੱਸ਼ਟੀਕਰਨ ਅਤੇ ਹਰਜਿੰਦਰ ਸਿੰਘ ਦਾ ਮਾਮਲਾ- ਵਧਦੇ ਵਿਰੋਧ ਨੂੰ ਦੇਖਦਿਆਂ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ। ਹਾਲਾਂਕਿ, ਇੱਕ ਬਿਆਨ ਜਾਰੀ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਪੋਸਟਰ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਡਰਾਈਵਰ ਹਰਜਿੰਦਰ ਸਿੰਘ ਵਿਰੁੱਧ ਕਾਰਵਾਈ ਦੇ ਮੱਦੇਨਜ਼ਰ ਬਣਾਇਆ ਗਿਆ ਸੀ।
ਅਮਰੀਕੀ ਅਧਿਕਾਰੀਆਂ ਅਨੁਸਾਰ, ਹਰਜਿੰਦਰ ਸਿੰਘ ਫਲੋਰੀਡਾ ਵਿੱਚ ਇੱਕ ਵੱਡੇ ਟਰੱਕ ਹਾਦਸੇ ਦਾ ਆਰੋਪੀ ਹੈ, ਜਿਸ ਵਿੱਚ ਗਲਤ ਯੂ-ਟਰਨ ਲੈਣ ਕਾਰਨ ਹੋਈ ਟੱਕਰ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ। DHS ਨੇ ਦਾਅਵਾ ਕੀਤਾ ਕਿ ਹਰਜਿੰਦਰ ਸਿੰਘ ਬਿਨਾਂ ਵੈਧ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਿਹਾ ਸੀ ਅਤੇ ਉਸ ‘ਤੇ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਦੂਜੇ ਪਾਸੇ, ਸਿੱਖ ਅਮਰੀਕਨ ਸੰਗਠਨਾਂ ਨੇ ਕਿਹਾ ਹੈ ਕਿ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ‘ਤੇ ਕਾਨੂੰਨੀ ਕਾਰਵਾਈ ਜ਼ਰੂਰੀ ਹੈ, ਪਰ ਕਿਸੇ ਇੱਕ ਵਿਅਕਤੀ ਦੇ ਨਾਮ ਜਾਂ ਸਰਨੇਮ ‘ਸਿੰਘ’ ਨੂੰ ਪੂਰੇ ਭਾਈਚਾਰੇ ਨਾਲ ਜੋੜ ਕੇ ਪੋਸਟਰਾਂ ਰਾਹੀਂ ਨਿਸ਼ਾਨਾ ਬਣਾਉਣਾ ਅਨੁਚਿਤ ਹੈ, ਜਿਸ ਨਾਲ ਆਮ ਲੋਕਾਂ ਵਿੱਚ ਭੁਲੇਖਾ ਅਤੇ ਨਫ਼ਰਤ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
