October 16, 2026
ਖਾਸ ਖ਼ਬਰਪੰਜਾਬਰਾਸ਼ਟਰੀ

Goindwal Thermal Plant ਦੇ GVK ਮੁਲਾਜ਼ਮਾਂ ਨੂੰ ਪੱਕੇ ਕਰੇਗੀ ਸਰਕਾਰ; PSPCL ਵੱਲੋਂ 108 ਨਵੀਆਂ ਅਸਾਮੀਆਂ ਨੂੰ ਮਿਲੀ ਮਨਜ਼ੂਰੀ

Goindwal Thermal Plant ਦੇ GVK ਮੁਲਾਜ਼ਮਾਂ ਨੂੰ ਪੱਕੇ ਕਰੇਗੀ ਸਰਕਾਰ; PSPCL ਵੱਲੋਂ 108 ਨਵੀਆਂ ਅਸਾਮੀਆਂ ਨੂੰ ਮਿਲੀ ਮਨਜ਼ੂਰੀ

ਪਟਿਆਲਾ-  ਵਿੱਤੀ ਤੰਗੀ ਨਾਲ ਜੂਝ ਰਹੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵਿੱਚ ਜੀ.ਵੀ.ਕੇ. (GVK) ਪ੍ਰਬੰਧਨ ਅਧੀਨ ਕੰਮ ਕਰ ਰਹੇ ਇੰਜੀਨੀਅਰਾਂ, ਅਧਿਕਾਰੀਆਂ, ਤਕਨੀਕੀ ਅਤੇ ਗੈਰ-ਤਕਨੀਕੀ ਸਟਾਫ਼ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਲਈ 108 ਨਵੀਆਂ ਅਸਾਮੀਆਂ ਸਿਰਜੀਆਂ ਗਈਆਂ ਹਨ। ਪਾਵਰਕਾਮ ਪ੍ਰਬੰਧਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਇਸ ਸਟਾਫ਼ ਨੂੰ ਸਰਕਾਰੀ ਦਾਇਰੇ ਵਿੱਚ ਲਿਆ ਕੇ ਪੱਕੇ ਤੌਰ ’ਤੇ ਐਡਜਸਟ ਕਰ ਲਿਆ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ, ਜੀ.ਵੀ.ਕੇ. ਵੱਲੋਂ ਸੌਂਪੀ ਗਈ 108 ਕਰਮਚਾਰੀਆਂ ਦੀ ਸੂਚੀ ਦੇ ਆਧਾਰ ‘ਤੇ ਪਾਵਰਕਾਮ ਨੇ ਆਪਣੀਆਂ ਸੰਚਾਲਨ ਲੋੜਾਂ ਮੁਤਾਬਕ ਅਸਾਮੀਆਂ ਤੈਅ ਕੀਤੀਆਂ ਹਨ। ਇਨ੍ਹਾਂ ਵਿੱਚ ਚੀਫ਼ ਇੰਜੀਨੀਅਰ ਦੀ 1 ਪੋਸਟ, ਸੀਨੀਅਰ ਐਕਸੀਅਨ (ਇਲੈਕਟ੍ਰੀਕਲ) ਦੀਆਂ 17, ਸੀਨੀਅਰ ਐਕਸੀਅਨ (ਸਿਵਲ) ਦੀਆਂ 2, ਏ.ਈ.ਈ. (ਇਲੈਕਟ੍ਰੀਕਲ) ਦੀਆਂ 30, ਏ.ਈ.ਈ. (ਸਿਵਲ) ਦੀਆਂ 2, ਏ.ਈ. (ਸਿਵਲ) ਦੀ 1, ਏ.ਈ. (ਇਲੈਕਟ੍ਰੀਕਲ) ਦੀਆਂ 27 ਅਤੇ ਜੇ.ਈ. (ਇਲੈਕਟ੍ਰੀਕਲ) ਦੀਆਂ 6 ਅਸਾਮੀਆਂ ਸਣੇ ਹੋਰ ਖਾਤਾ ਅਤੇ ਪ੍ਰਸ਼ਾਸਨਿਕ ਸਟਾਫ਼ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਭੁਵਨੇਸ਼ਵਰ ਸਥਿਤ ਜੀ.ਵੀ.ਕੇ. ਦੇ ਮੁੱਖ ਦਫ਼ਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਸ਼ਾਮਲ ਹਨ। ਇਸ ਤਬਦੀਲੀ ਦੌਰਾਨ ਮੁਲਾਜ਼ਮਾਂ ਨੂੰ ਫਿਲਹਾਲ ਉਹੀ ਤਨਖਾਹ ਮਿਲੇਗੀ ਜੋ ਉਹ ਮੌਜੂਦਾ ਸਮੇਂ ਲੈ ਰਹੇ ਹਨ। ਜੀ.ਵੀ.ਕੇ. ਦੇ ਬਹੁਤੇ ਮੁਲਾਜ਼ਮਾਂ ਦੀ ਤਨਖਾਹ ਪੀ.ਐੱਸ.ਪੀ.ਸੀ.ਐੱਲ. ਦੇ ਬਰਾਬਰ ਦੇ ਅਹੁਦਿਆਂ ਦੇ ਮੁਕਾਬਲੇ ਘੱਟ ਹੈ, ਜਦੋਂਕਿ ਕੁਝ ਮੁਲਾਜ਼ਮਾਂ ਨੂੰ ਜ਼ਿਆਦਾ ਤਨਖਾਹ ਵੀ ਮਿਲ ਰਹੀ ਹੈ। ਮੌਜੂਦਾ ਸਮੇਂ ਵਿੱਚ ਇਹ ਥਰਮਲ ਪਲਾਂਟ ਰੋਪੜ ਥਰਮਲ ਦੇ ਚੀਫ਼ ਇੰਜੀਨੀਅਰ ਦੀ ਦੇਖਰੇਖ ਹੇਠ ਚੱਲ ਰਿਹਾ ਹੈ ਅਤੇ ਪਾਵਰਕਾਮ ਦੇ 4 ਏ.ਈ. (ਸਹਾਇਕ ਇੰਜੀਨੀਅਰ) ਪਹਿਲਾਂ ਹੀ ਗੋਇੰਦਵਾਲ ਪਲਾਂਟ ਵਿੱਚ ਸੇਵਾਵਾਂ ਨਿਭਾ ਰਹੇ ਹਨ।

ਪ੍ਰਸ਼ਾਸਨਿਕ ਅਤੇ ਖਾਤਾ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ 540 ਮੈਗਾਵਾਟ ਦੇ ਥਰਮਲ ਪਲਾਂਟ ਵਿੱਚ ਸੀਨੀਅਰ ਸਹਾਇਕ (ਸੀਨੀਅਰ ਅਸਿਸਟੈਂਟ) ਦੀਆਂ 2 ਅਤੇ ਅੱਪਰ ਡਿਵੀਜ਼ਨ ਕਲਰਕ (UDC) ਦੀ 1 ਪੋਸਟ ਸਿਰਜੀ ਗਈ ਹੈ। ਇਸ ਤੋਂ ਇਲਾਵਾ ਇੱਕ ਡਿਪਟੀ ਚੀਫ਼ ਅਕਾਊਂਟਸ ਅਫ਼ਸਰ (Dy. CAO), ਦੋ ਅਕਾਊਂਟਸ ਅਫ਼ਸਰ (AOs) ਅਤੇ ਦੋ ਸਹਾਇਕ ਅਕਾਊਂਟਸ ਅਫ਼ਸਰਾਂ (AAOs) ਦੀਆਂ ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਫੈਸਲੇ ਤੋਂ ਬਾਅਦ ਪਲਾਂਟ ਵਿੱਚ ਆਊਟਸੋਰਸ (ਠੇਕੇ ’ਤੇ) ਕੰਮ ਕਰ ਰਹੇ ਦੂਜੇ ਕਰਮਚਾਰੀਆਂ ਵਿੱਚ ਵੀ ਉਮੀਦ ਦੀ ਕਿਰਨ ਜਾਗੀ ਹੈ ਕਿ ਪੰਜਾਬ ਸਰਕਾਰ ਦੀ ਅਡਜਸਟਮੈਂਟ ਨੀਤੀ ਤਹਿਤ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਵੀ ਵਿਭਾਗ ਵਿੱਚ ਪੱਕੇ ਹੋਣ ਦਾ ਲਾਭ ਮਿਲ ਸਕਦਾ ਹੈ। ਦੂਜੇ ਪਾਸੇ, ਪਾਵਰਕਾਮ ਮੈਨੇਜਮੈਂਟ ਵੱਲੋਂ ਸਟਾਫ਼ ਦੇ ਸਮਾਯੋਜਨ ਦੀ ਪ੍ਰਕਿਰਿਆ ਨੂੰ ਬਿਨਾਂ ਕਿਸੇ ਅੜਿੱਕੇ ਦੇ ਨੇਪਰੇ ਚਾੜ੍ਹਨ ਅਤੇ ਇਸ ਦੌਰਾਨ ਆਉਣ ਵਾਲੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ।

Related posts

ਭਾਰਤੀ ਰੇਲਵੇ ਦੀ ਚਾਦਰ ਦਾ ਸ਼ਾਲ ਬਣਾ ਕੇ ਘੁੰਮਦੇ ਤਿੰਨ ਵਿਅਕਤੀਆਂ ਨੂੰ ਵਿਭਾਗ ਨੇ ਲਾਇਆ ਸੁਨੇਹਾ

Current Updates

ਪੰਜਾਬ ‘ਚ 3 ਮਿਉਂਸੀਪਲ ਕਾਰਪੋਰੇਸ਼ਨਾਂ,39 ਨਗਰ ਕੌਂਸਲਾਂ ,27 ਕਮੇਟੀਆਂ ਦੀਆਂ ਚੋਣਾਂ ਦਾ ਹੋਇਆ ਐਲਾਨ

Current Updates

ਜਗਮਗ ਹੋਈ ਤੇਜ਼ਬਾਗ ਕਲੋਨੀ ਦੀ ਮੁੱਖ ਸੜਕ ਚੇਅਰਮੈਨ ਤੇਜਿੰਦਰ ਮਹਿਤਾ ਨੇ ਵਰਕਰ ਹੱਥੋਂ ਕਰਵਾਇਆ 55 ਸਟਰੀਟ ਲਾਈਟਾਂ ਦਾ ਸਵਿੱਚ ਔਨ

Current Updates

Leave a Comment