August 21, 2026
ਖਾਸ ਖ਼ਬਰਪੰਜਾਬਰਾਸ਼ਟਰੀ

‘ਮਾਵਾਂ ਧੀਆਂ’ ਯੋਜਨਾ ਦੇ ਫਾਰਮ ਭਰਨ ਦੌਰਾਨ ਆਂਗਣਵਾੜੀ ਵਰਕਰ ’ਤੇ ਹਮਲਾ, ਮਾਂ-ਪੁੱਤ ਜ਼ਖ਼ਮੀ

‘ਮਾਵਾਂ ਧੀਆਂ’ ਯੋਜਨਾ ਦੇ ਫਾਰਮ ਭਰਨ ਦੌਰਾਨ ਆਂਗਣਵਾੜੀ ਵਰਕਰ ’ਤੇ ਹਮਲਾ, ਮਾਂ-ਪੁੱਤ ਜ਼ਖ਼ਮੀ

ਲਾਲੜੂ-  ਇੱਥੋਂ ਨਜ਼ਦੀਕੀ ਪਿੰਡ ਬੜਾਣਾ ਦੀ ਆਂਗਣਵਾੜੀ ਵਰਕਰ ਗੁਰਦੀਪ ਕੌਰ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ’ ਸਕੀਮ ਤਹਿਤ ਪਿੰਡ ਵਾਸੀਆਂ ਦੇ ਫਾਰਮ ਔਨਲਾਈਨ ਅਪਲੋਡ ਕਰਨ ਦੌਰਾਨ ਕੁਝ ਲੋਕਾਂ ਵੱਲੋਂ ਉਸ ਅਤੇ ਉਸ ਦੇ ਪੁੱਤਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤ ਵਰਕਰ ਮੁਤਾਬਕ, ਮੋਬਾਈਲ ਐਪ ਦੀ ਗਤੀ ਧੀਮੀ ਹੋਣ ਕਾਰਨ ਜਦੋਂ ਉਸ ਨੇ ਬਿਨੈਕਾਰਾਂ ਨੂੰ ਕੁਝ ਸਮਾਂ ਉਡੀਕ ਕਰਨ ਲਈ ਕਿਹਾ, ਤਾਂ ਇਸੇ ਗੱਲ ਤੋਂ ਖਫ਼ਾ ਹੋ ਕੇ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੇ ਅੰਦਰ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਘਰ ਆ ਕੇ ਬੇਰਹਿਮੀ ਨਾਲ ਕੀਤੀ ਕੁੱਟਮਾਰ- ਪ੍ਰਾਪਤ ਜਾਣਕਾਰੀ ਅਨੁਸਾਰ ਵਿਧਵਾ ਗੁਰਦੀਪ ਕੌਰ ਨੇ ਦੱਸਿਆ ਕਿ ਪਿੰਡ ਦੇ ਹੀ ਕੁਲਦੀਪ ਸਿੰਘ, ਉਸ ਦੀ ਪਤਨੀ ਬਲਜਿੰਦਰ ਕੌਰ, ਪੁੱਤਰ ਰਵਿੰਦਰ ਸਿੰਘ ਅਤੇ ਨੂੰਹ ਰਾਜਵਿੰਦਰ ਕੌਰ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਅਚਨਚੇਤ ਹੋਏ ਹਮਲੇ ਵਿੱਚ ਉਹ ਅਤੇ ਉਸ ਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ-ਇਲਾਜ ਹਨ। ਗੁਰਦੀਪ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਘਟਨਾ ਦੀ ਵੀਡੀਓ ਅਤੇ ਸੀ.ਡੀ.ਪੀ.ਓ. (CDPO) ਦਫ਼ਤਰ ਨਾਲ ਸਬੰਧਿਤ ਵੀਡੀਓ ਵੀ ਸਬੂਤ ਵਜੋਂ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ।

ਜਾਂਚ ਦੇ ਆਧਾਰ ’ਤੇ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ- ਉਧਰ, ਖ਼ਬਰ ਲਿਖੇ ਜਾਣ ਤੱਕ ਪੁਲੀਸ ਵੱਲੋਂ ਇਸ ਸ਼ਿਕਾਇਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਦੇ ਆਧਾਰ ’ਤੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ ਸੀ.ਡੀ.ਪੀ.ਓ. ਡੇਰਾਬੱਸੀ ਸੁਮਨ ਲਤਾ ਤੁਰੰਤ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਬਣਦੀ ਕਾਰਵਾਈ ਕਰਨ ਦਾ ਪੂਰਾ ਭਰੋਸਾ ਦਿੱਤਾ।

ਇਸ ਦੌਰਾਨ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਨੇ ਇਸ ਘਟਨਾ ਦੀ ਤਿੱਖੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਆਂਗਣਵਾੜੀ ਵਰਕਰ ਨੂੰ ਜਲਦ ਇਨਸਾਫ਼ ਨਾ ਦਿੱਤਾ, ਤਾਂ ਸਮੁੱਚੀ ਯੂਨੀਅਨ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਜਲਦ ਤੋਂ ਜਲਦ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

Related posts

ਜੰਮੂ ਕਸ਼ਮੀਰ ਚ ਇਕੱਲੇ ਚੋਣਾਂ ਲੜੇਗੀ ਨੈਸ਼ਨਲ ਕਾਨਫਰੰਸ : ਫਾਰੂਕ ਅਬਦੁੱਲਾ

Current Updates

ਮਲੇਰੀਆ ਨਾਲ ਲੜਾਈ ’ਚ ਨਵੀਂ ਵੈਕਸੀਨ ਬਣ ਸਕਦੀ ਹੈ ਮਦਦਗਾਰ, ਅਫਰੀਕੀ ਬੱਚਿਆਂ ’ਤੇ ਕੀਤੇ ਕਲੀਨਿਕਲ ਟ੍ਰਾਇਲ ਦੇ ਨਤੀਜੇ ਬਿਹਤਰ

Current Updates

ਚੰਡੀਗੜ੍ਹ ਦੇ ਮੇਅਰ ਦੀ 24 ਜਨਵਰੀ ਨੂੰ ਹੋਣ ਵਾਲੀ ਚੋਣ ਰੱਦ

Current Updates

Leave a Comment