June 21, 2026
ਖਾਸ ਖ਼ਬਰਪੰਜਾਬਰਾਸ਼ਟਰੀ

Ludhiana-Delhi ਹਾਈਵੇਅ ‘ਤੇ ਬੱਸ ਨੂੰ ਲੱਗੀ ਅੱਗ; ਸਵਾਰੀਆਂ ਨੇ ਖਿੜਕੀਆਂ ’ਚੋਂ ਮਾਰੀਆਂ ਛਾਲਾਂ

Ludhiana-Delhi ਹਾਈਵੇਅ 'ਤੇ ਬੱਸ ਨੂੰ ਲੱਗੀ ਅੱਗ; ਸਵਾਰੀਆਂ ਨੇ ਖਿੜਕੀਆਂ ’ਚੋਂ ਮਾਰੀਆਂ ਛਾਲਾਂ

ਪਾਇਲ-ਪਾਇਲ ਤੋਂ ਕਰੀਬ 6 ਕਿਲੋਮੀਟਰ ਦੂਰ ਬੀਜਾ ਪਿੰਡ ਨੇੜੇ ਨੈਸ਼ਨਲ ਦਿੱਲੀ ਹਾਈਵੇਅ ‘ਤੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਯਾਤਰੀਆਂ ਨਾਲ ਭਰੀ ਇੱਕ ਸਲੀਪਰ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਲੰਧਰ ਤੋਂ ਉੱਤਰ ਪ੍ਰਦੇਸ਼ (UP) ਦੇ ਗੋਂਡਾ ਜ਼ਿਲ੍ਹੇ ਵੱਲ ਜਾ ਰਹੀ ਇਸ ਬੱਸ ਵਿੱਚ ਔਰਤਾਂ, ਬੱਚਿਆਂ ਅਤੇ ਕਈ ਪਰਿਵਾਰਾਂ ਸਮੇਤ ਕਰੀਬ 80 ਯਾਤਰੀ ਸਵਾਰ ਸਨ। ਜਦੋਂ ਬੱਸ ਖੰਨਾ ਨੇੜੇ ਪਿੰਡ ਬੀਜਾ ਕੋਲ ਪਹੁੰਚੀ ਤਾਂ ਇਸ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਤੁਰੰਤ ਸੂਝ-ਬੂਝ ਦਿਖਾਉਂਦੇ ਹੋਏ ਬੱਸ ਨੂੰ ਸੜਕ ਕਿਨਾਰੇ ਰੋਕਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਭਗਦੜ ਮਚ ਗਈ ਅਤੇ ਕਈ ਯਾਤਰੀ ਆਪਣੀ ਜਾਨ ਬਚਾਉਣ ਲਈ ਜਲਦਬਾਜ਼ੀ ਵਿੱਚ ਬੱਸ ਦੀਆਂ ਖਿੜਕੀਆਂ ਵਿੱਚੋਂ ਹੇਠਾਂ ਉੱਤਰੇ। ਇਸ ਦੌਰਾਨ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗਣ ਅਤੇ ਝੁਲਸਣ ਦੀਆਂ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ।

ਘਟਨਾ ਦੀ ਜਾਣਕਾਰੀ ਮਿਲਦੀ ਸਾਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਖੰਨਾ ਦੀ ਐੱਸ ਡੀ ਐਮ (SDM) ਸਵਾਤੀ ਟਿਵਾਣਾ ਨੇ ਖ਼ੁਦ ਘਟਨਾ ਸਥਾਨ ‘ਤੇ ਪੁੱਜ ਕੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਯਾਤਰੀਆਂ ਲਈ ਲੋੜੀਂਦੀ ਸਹਾਇਤਾ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ।

ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਅਤੇ ਯਾਤਰੀਆਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਹਾਲਾਂਕਿ ਯਾਤਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਤਕਨੀਕੀ ਖ਼ਰਾਬੀ ਮੰਨਿਆ ਜਾ ਰਿਹਾ ਹੈ। ਪੁਲੀਸ ਚੌਂਕੀ ਕੋਟਾਂ ਦੇ ਇੰਚਾਰਜ਼ ਕਰਮਜੀਤ ਸਿੰਘ ਭੜੀ ਨੇ ਦੱਸਿਆ ਕਿ ਬੱਸ ਨੂੰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Related posts

ਹਰਿਮੰਦਰ ਸਾਹਿਬ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ

Current Updates

Shehzad Bhatti ਨਾਲ ਕਥਿਤ ਸਬੰਧਾਂ ਨੂੰ ਲੈ ਕੇ NIA ਵੱਲੋਂ ਮਾਨਸਾ ਦੇ ਨੌਜਵਾਨ ਦੇ ਘਰ ਤੀਜੀ ਵਾਰ ਛਾਪੇਮਾਰੀ

Current Updates

ਸ਼ੇਫਾਲੀ ਜਰੀਵਾਲਾ ਦਾ ਪੋਸਟਮਾਰਟਮ ਹੋਇਆ, ਡਾਕਟਰਾਂ ਨੇ ਮੌਤ ਦੇ ਕਾਰਨਾਂ ਬਾਰੇ ਰਾਏ ‘ਰਾਖਵੀਂ’ ਰੱਖੀ: ਪੁਲੀਸ

Current Updates

Leave a Comment